ਖੇਡ ਮੈਦਾਨ ’ਚ ਨੌਜਵਾਨ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ
ਪਿੰਡ ਮੁਨਸ਼ੀਵਾਲਾ ਦੇ ਖੇਡ ਮੈਦਾਨ ਵਿੱਚੋਂ ਅੱਜ ਦਲਿਤ ਵਰਗ ਨਾਲ ਸਬੰਧਤ ਨੌਜਵਾਨ ਦੀ ਲਾਸ਼ ਭੇਤੀਭਰੀ ਹਾਲਤ ਵਿੱਚ ਇਕ ਦਰੱਖ਼ਤ ਨਾਲ ਲਟਕਦੀ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਨਸ਼ੀਵਾਲਾ ਦੇ ਸਾਬਕਾ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਗੁਰਜੀਤ ਸਿੰਘ (24) ਪੁੱਤਰ ਸ਼ਿੰਦਾ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਰੋਟੀ ਖਾ ਕੇ ਸੈਰ ਕਰਨ ਲਈ ਘਰੋਂ ਬਾਹਰ ਗਿਆ ਸੀ ਪਰ ਉਹ ਪੂਰੀ ਰਾਤ ਘਰ ਵਾਪਸ ਨਹੀਂ ਆਇਆ। ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀ ਜਦੋਂ ਸਵੇਰੇ ਸੈਰ ਕਰਨ ਲਈ ਪਿੰਡ ਦੇ ਖੇਡ ਮੈਦਾਨ ਵਿੱਚ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਦਰੱਖ਼ਤ ਦੇ ਨਾਲ ਇਕ ਨੌਜਵਾਨ ਦੀ ਲਾਸ਼ ਲਟਕ ਰਹੀ ਸੀ। ਜਦੋਂ ਉਨ੍ਹਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਇਹ ਲਾਸ਼ ਉਸ ਦੇ ਚਾਚੇ ਦੇ ਲੜਕੇ ਗੁਰਜੀਤ ਸਿੰਘ ਦੀ ਸੀ। ਉਕਤ ਵਿਅਕਤੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਪੁਲੀਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲੀਸ ਚੌਂਕੀ ਚੰਨੋਂ ਦੇ ਇੰਚਾਰਜ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਆਤਮ ਹੱਤਿਆ ਦਾ ਹੀ ਜਾਪਦਾ ਹੈ। ਪੁਲੀਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।