ਪੰਜਾਬ ਅੰਦਰ ਹੜ੍ਹਾਂ ਨਾਲ ਤਬਾਹ ਹੋਈਆਂ ਜ਼ਮੀਨਾਂ, ਮਕਾਨਾਂ, ਪਸ਼ੂਆਂ ਅਤੇ ਮਸ਼ੀਨਰੀ ਦੀ ਭਰਪਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ-ਪਿੰਡ ਲਾਮਬੰਦੀ ਮੁਹਿੰਮ ਸ਼ੁਰੂ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਮੋਰਚਾ ਸੰਭਾਲ ਲਿਆ ਹੈ। ਇਸ ਸਬੰਧੀ ਅੱਜ ਨੇੜਲੇ ਪਿੰਡ ਹਥਨ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਹੋਈ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਬੀਕੇਯੂ ਉਗਰਾਹਾਂ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਪੁਰਾਣਾ ਸ਼ਾਲਾ ਵਿਚ ਹੜ੍ਹ ਪੀੜਤਾਂ ਲਈ ਧਨ ਰਾਸ਼ੀ, ਕਣਕ, ਤੂੜੀ, ਹਰਾ ਚਾਰਾ, ਕੱਪੜੇ ਬਿਸਤਰੇ ਤੇ ਹੋਰ ਲੋੜੀਂਦਾ ਸਾਮਾਨ ਲਿਜਾਇਆ ਜਾਵੇਗਾ ਅਤੇ ਇਸ ਬਲਾਕ ਦੀ ਖਰਾਬ ਹੋਈ ਜ਼ਮੀਨ ਤੋਂ ਗਾਰ ਕੱਢ ਕੇ ਵਾਹੀਯੋਗ ਬਣਾਉਣ ਲਈ ਜ਼ਿਲ੍ਹੇ ’ਚੋਂ 100 ਟਰੈਕਟਰ ਪੁਰਾਣਾ ਸ਼ਾਲਾ ਭੇਜੇ ਜਾਣਗੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ, ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੂਬਾ ਆਗੂ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਅਤੇ ਸਰਬਜੀਤ ਸਿੰਘ ਭੁਰਥਲਾ ਨੇ ਕਿਹਾ ਕਿ ਹੜ੍ਹਾਂ ਕਾਰਨ ਮਰੇ ਪਸ਼ੂ ਪੰਛੀਆਂ ਨਾਲ ਭਿਆਨਕ ਬਿਮਾਰੀਆਂ ਪੈਦਾ ਹੋਣ ਦਾ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ ਅਤੇ ਲੋਕਾਂ ਦੇ ਇਲਾਜ ਅਤੇ ਕਣਕ ਬੀਜਣ ਲਈ ਜ਼ਮੀਨਾਂ ਪੱਧਰੀਆਂ ਕਰਨ ਤੱਕ ਦਵਾਈਆਂ ਅਤੇ ਇਲਾਜ ਦੀ ਲੋੜ ਪੈਣੀ ਹੈ। ਕਿਸਾਨ ਆਗੂਆਂ ਨੇ ਦਰਿਆਵਾਂ ਦੀਆਂ ਜ਼ਮੀਨਾਂ ’ਤੇ ਜੰਗਲਾਤ ਮਹਿਕਮੇ ਵੱਲੋਂ ਪਾਪੂਲਰ ਅਤੇ ਸਫੈਦੇ ਲਾਉਣ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਰੁੱਖ ਦਰਿਆਵਾਂ ਦੇ ਖੇਤਰ ਵਿਚ ਖਤਰੇ ਦਾ ਕਾਰਨ ਬਣੇ ਹਨ। ਉਨ੍ਹਾਂ ਭਾਰਤ ਮਾਲਾ ਸੜਕੀ ਪ੍ਰਾਜੈਕਟ ਲਈ ਦਰਿਆਵਾਂ ਦੇ ਬੰਨ੍ਹਾਂ ਨਾਲੋਂ ਮਿੱਟੀ ਚੁੱਕਣ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੇ ਸੜਕਾਂ ਲਈ ਬੰਨ੍ਹਾਂ ਨਾਲੋਂ ਮਿੱਟੀ ਚੁੱਕਣ ਦੀ ਮਨਜ਼ੂਰੀ ਦੇ ਕੇ ਜਿੱਥੇ ਬੰਨ੍ਹਾਂ ਨੂੰ ਕਮਜ਼ੋਰ ਕੀਤਾ ਉਥੇ ਡੈਮਾਂ ਵਿੱਚ ਪਾਣੀ ਦਾ ਪੱਧਰ ਸਮਤਲ ਰੱਖਣ ਲਈ ਲਈ ਅਧਿਕਾਰੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਅੱਗੇ ਆਉਣ। ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਰਜਿੰਦਰ ਸਿੰਘ ਭੋਗੀਵਾਲ, ਰਵਿੰਦਰ ਸਿੰਘ ਕਾਸਮਪੁਰ, ਸਤਿਨਾਮ ਸਿੰਘ ਮਾਣਕ ਮਾਜਰਾ, ਚਰਨਜੀਤ ਸਿੰਘ ਹਥਨ, ਜਗਰੂਪ ਸਿੰਘ ਖੁਰਦ, ਮਹਿੰਦਰ ਸਿੰਘ ਭੁਰਥਲਾ, ਗੁਰਮੀਤ ਕੌਰ ਕੁਠਾਲਾ ਅਤੇ ਗੁਰਮੇਲ ਕੌਰ ਦੁਲਮਾਂ ਸਣੇ ਪਿੰਡ ਇਕਾਈਆਂ ਦੇ ਆਗੂ ਵੀ ਮੌਜੂਦ ਸਨ।