ਬੀਕੇਯੂ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨੇ ਦਾ ਐਲਾਨ
ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 10 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬੇ ਅੰਦਰ ਪੰਜਾਬ ਪੁਲੀਸ ਵਲੋਂ ਕਿਸਾਨਾਂ ਮਜ਼ਦੂਰਾਂ ਪ੍ਰਤੀ ਅਪਣਾਈ ਜਾ ਰਹੀ ਮਾਰੂ ਨੀਤੀ ਦਾ ਦਾ ਵਿਰੋਧ ਕੀਤਾ ਗਿਆ। ਇਸ ਮੀਟਿੰਗ ਤੋਂ ਬਾਅਦ ਜਥੇਬੰਦੀ ਨੇ ਆਉਂਦੀ 25 ਜੁਲਾਈ ਨੂੰ ਸੰਗਰੂਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਹ ਭਰਪੂਰ ਧਰਨੇ ਦਾ ਵੀ ਐਲਾਨ ਕੀਤਾ। ਮੀਟਿੰਗ ਦੇ ਦੌਰਾਨ ਹਾਜ਼ਰੀਨ ਨੇ ਸਰਕਾਰ ਵਲੋਂ ਪੁਲੀਸ ਨੂੰ ਕਿਸਾਨਾਂ ਮਜ਼ਦੂਰਾਂ ਦੀ ਕੁੱਟਮਾਰ ਦੇ ਸਿੱਧੇ ਦਿੱਤੇ ਅਧਿਕਾਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਹੁਣ ਪੰਜਾਬ ਨੂੰ ਪੰਜਾਬ ਸਰਕਾਰ ਨਹੀਂ ਬਲਕਿ ਪੰਜਾਬ ਪੁਲੀਸ ਚਲਾ ਰਹੀ ਹੈ। ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਨੂੰ ਖੁੱਲੀਆਂ ਛੋਟਾਂ ਦਿੱਤੀਆਂ ਹਨ। ਅੱਜ ਪੰਜਾਬ ਦੇ ਵਿੱਚ ਭਾਰਤ ਮਾਲਾ ਸੜਕ ਨੂੰ ਲੈ ਕੇ ਸੰਘਰਸ਼ ਚੱਲ ਰਹੇ ਹਨ। ਪਰ ਪੰਜਾਬ ਪੁਲੀਸ ਸ਼ਰੇਆਮ ਕਿਸਾਨਾਂ ਤੇ ਡਾਗਾਂ ਵਰ੍ਹਾਂ ਰਹੀ ਹੈ। ਇਸ ਲਈ ਭਾਰਤ ਮਾਲਾ ਸੜਕ ਦੇ ਬਿਨਾਂ ਕਿਸਾਨਾਂ ਨੂੰ ਪੈਸੇ ਦਿੱਤੇ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ। ਇਸ ਲਈ ਐੱਸਕੇਐੱਮ ਦੇ ਸੱਦੇ ’ਤੇ ਪੁਲੀਸ ਜਬਰ ਦੇ ਵਿਰੋਧ ਵਿੱਚ 25 ਜੁਲਾਈ ਨੂੰ ਸੰਗਰੂਰ ਡੀਸੀ ਹੈੱਡ ਕੁਆਰਟਰ ’ਤੇ ਧਰਨਾ ਤੇ ਮਾਰਚ ਕੀਤਾ ਜਾਵੇਗਾ। ਪੁਲੀਸ ਵੱਲੋਂ ਸੰਗਰੂਰ ਦੇ ਬੇਚਿਰਾਗ ਪਿੰਡ ਵਿੱਚ ਮਜ਼ਦੂਰਾਂ ’ਤੇ ਕੀਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ, ਪਾਲ ਸਿੰਘ ਦੋਲੇਵਾਲ, ਜੀਤ ਸਿੰਘ ਗੰਢੂਆਂ , ਜਸਵੀਰ ਕੌਰ ਉਗਰਾਹਾਂ ਤੇ ਮਨਜੀਤ ਕੌਰ ਤੋਲਾਵਾਲ ਆਦਿ ਹਾਜ਼ਰ ਸਨ।