ਬੀਕੇਯੂ ਰਾਜੇਵਾਲ ਵੱਲੋਂ ਕੇਂਦਰ ਵਿਰੁੱਧ ਲਾਮਬੰਦੀ
ਬੀਕੇਯੂ ਰਾਜੇਵਾਲ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਦਿੱਲੀ ਵਿੱਚ ਚੱਲੇ ਕਿਸਾਨ ਸੰਘਰਸ਼ ਦੀ ਤਰਜ਼ ’ਤੇ ਮੁੜ ਲੋਕ ਲਹਿਰ ਉਸਾਰਨ ਲਈ ਧੂਰੀ ਵਿੱਚ ਆੜ੍ਹਤੀਆਂ, ਵਪਾਰੀਆਂ, ਛੋਟੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਨਾਲ ਮੀਟਿੰਗਾਂ ਕਰਨ, ਪੋਸਟਰ ਲਗਾਉਣ ਅਤੇ ਪਰਚੇ ਵੰਡਣ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।
ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਜੱਖਲਾਂ ਨੇ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ, ਧੂਰੀ ਦੇ ਵਪਾਰੀਆਂ, ਛੋਟੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਨਵੀਂਆਂ ਲੋਕ ਵਿਰੋਧੀ ਸਕੀਮਾਂ ਤੋਂ ਜਾਣੂ ਕਰਵਾਇਆ ਅਤੇ ਆਰੰਭੇ ਜਾਣ ਵਾਲੇ ਸੰਘਰਸ਼ਾਂ ’ਚ ਸਹਿਯੋਗ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕਰ ਕੇ ਪੂੰਜੀਪਤੀਆਂ ਹਵਾਲੇ ਕਰਨ, ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਹੀਆਂ ਸੜਕਾਂ ’ਤੇ ਫੂਡ ਕੋਰਟ ਬਣਾ ਕੇ ਢਾਬਿਆਂ ਦਾ ਕਾਰੋਬਾਰ ਤਬਾਹ ਕਰਨ ਆਦਿ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ, ਰੁਪਿੰਦਰ ਸਿੰਘ, ਮਲਕੀਤ ਸਿੰਘ, ਦੀਦਾਰ ਸਿੰਘ, ਸਰਬਜੀਤ ਸਿੰਘ, ਸ਼ੇਰ ਸਿੰਘ ਆਦਿ ਹਾਜ਼ਰ ਸਨ।