ਭੁਨਰਹੇੜੀ: ‘ਆਪ’ ਅਤੇ ਚੰਦੂਮਾਜਰਾ ਧੜੇ ਵਿਚਾਲੇ ਮੁਕਾਬਲਾ
‘ਆਪ’ ਦੇ 11, ਚੰਦੂਮਾਜਰਾ ਦੇ 9, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਕਾਂਗਰਸ ਦੇ 2 ਉਮੀਦਵਾਰ ਮੈਦਾਨ ਵਿੱਚ ਨਿੱਤਰੇ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ 14 ਦਸੰਬਰ ਨੂੰ ਹੋਣ ਵਾਲ਼ੀਆਂ ਚੋਣਾਂ ਲਈ ਮੈਦਾਨ ਭਖ ਗਿਆ ਹੈ। ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਪੈਂਦੀ 19 ਜ਼ੋਨਾ ਵਾਲ਼ੀ ਪੰਚਾਇਤ ਸਮਿਤੀ ਭੁਨਰਹੇੜੀ ’ਚ 8 ਉਮੀਦਵਾਰਾਂ ਦੇ ਬਗੈਰ ਮੁਕਾਬਲਾ ਚੁਣੇ ਜਾਣ ਉਪਰੰਤ ਇਥੇ ਬਾਕੀ 11 ਜ਼ੋਨਾ ’ਤੇ ਹੀ ਚੋਣ ਹੋ ਰਹੀ ਹੈ ਜਿਸ ਲਈ 28 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਂਜ ਇਸ ਬਲਾਕ ’ਚ ਸੱਤਾਧਾਰੀ ਧਿਰ ‘ਆਮ ਆਦਮੀ ਪਾਰਟੀ’ ਅਤੇ ਬਾਦਲ ਵਿਰੋਧੀ ਧੜੇ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ)’ ਦਰਮਿਆਨ ਮੁੱਖ ਮੁਕਾਬਲਾ ਹੈ। ਕਿਉਂਕਿ ਚੋਣ ਲੜ ਰਹੇ 28 ਵਿਚੋਂ 20 ਉਮੀਦਵਾਰ ਇਨ੍ਹਾਂ ਦੋਵਾਂ ਧਿਰਾਂ ਨਾਲ ਹੀ ਸਬੰਧਤ ਹਨ। ਇਸ ਹਲਕੇ ਚ ਬਾਦਲ ਵਿਰੋਧੀ ਧੜੇ ਦੀ ਅਗਵਾਈ ਇਥੋਂ ਦੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਕਰ ਰਹੇ ਹਨ। ਦੂਜੇ ਪਾਸੇ ‘ਆਪ’ ਦੀ ਕਮਾਨ ਹਲਕਾ ਇੰਚਾਰਜ ਵਜੋਂ ਰਣਜੋਧ ਸਿੰਘ ਹਡਾਣਾ ਦੇ ਹੱਥ ਹੈ। ਬਲਾਕ ਭੁਨਰਹੇੜੀ ’ਚ ਹੁਣ ਜਿਹੜੇ 11 ਜ਼ੋਨਾਂ ’ਤੇ ਚੋਣ ਹੋ ਰਹੀ ਹੈ, ਉਨ੍ਹਾਂ ਸਾਰਿਆਂ ’ਤੇ ‘ਆਪ’ ਨੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹੋਏ ਹਨ। ਜਦਕਿ ਬਾਕੀ ਕਿਸੇ ਵੀ ਧਿਰ ਕੋਲ਼ ਇਨ੍ਹਾਂ ਜ਼ਨਾਂ ਲਈ ਪੂਰੇ 11 ਉਮੀਦਵਾਰ ਨਹੀਂ ਹਨ। ਚੋਣ ਮੈਦਾਨ ’ਚ ਡਟੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ 11 ਉਮੀਦਵਾਰ ‘ਆਪ’ ਦੇ ਹਨ ਤੇ ਉਮੀਦਵਾਰਾਂ ਦੀ ਗਿਣਤੀ ਦੇ ਤਹਿਤ ਇਥੇ ਦੂਜੀ ਵੱਡੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਉਭਰ ਕੇ ਸਾਹਮਣੇ ਆਇਆ ਹੈ ਜਿਸ ਦੇ 9 ਉਮੀਦਵਾਰ ਹਨ। ਇਸ ਬਲਾਕ ’ਚ ਆਪਣੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੇ ਮਾਮਲੇ ’ਚ ਕਾਂਗਰਸ ਅਤੇ ਬਾਦਲ ਦਲ ਪਛੜ ਗਏ ਹਨ। 19 ਮੈਂਬਰੀ ਇਸ ਪੰਚਇਤ ਸਮਿਤੀ ਲਈ ਇਨ੍ਹਾਂ ਦੋਵਾਂ ਧਿਰਾਂ ਦੇ ਕ੍ਰਮਵਾਰ 3 ਅਤੇ 2 ਉਮੀਦਵਾਰ ਹੀ ਹਨ। ਇਸ ਤਰ੍ਹਾਂ ਇਸ ਬਲਾਕ ’ਚ ‘ਆਪ’ ਅਤੇ ਚੰਦੂਮਾਜਰਾ ਧੜੇ ’ਚ ਹੀ ਮੁੱਖ ਮੁਕਾਬਲਾ ਹੈ। ਇਥੋਂ ਦੇ ਜਿਹੜੇ 11 ਜ਼ੋਨਾਂ ਵਿੱਚ ਚੋਣ ਹੋ ਰਹੀ ਹੈ, ਉਨ੍ਹਾਂ ’ਚੋਂ 6 (ਮਸੀਂਗਣ, ਈਸਰਹੇੜੀ, ਅਦਾਲਤੀਵਾਲਾ, ਬੁੱਧਮਰ, ਲਹਿਲ-ਜਗੀਰ ਅਤੇ ਸ਼ਾਦੀਪੁਰ) ਜ਼ੋਨਾਂ ਵਿੱਚ ‘ਆਪ’ ਅਤੇ ਚੰਦੂਮਾਜਰਾ ਧੜੇ ਦਰਮਿਆਨ ਸਿੱਧਾ ਮੁਕਾਬਲਾ ਹੈ। ਇਥੇ ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਉਮੀਦਵਾਰ ਨਹੀਂ। ਘੜਾਮ ਜ਼ੋਨ ਅਜਿਹਾ ਹੈ, ਜਿਥੇ ਤਿਕੋਣੇ ਮੁਕਾਬਲੇ ਵਾਲੇ ਹਾਲਾਤ ਵੀ ਹਨ ਕਿਉਂਕਿ ਇਥੇ ‘ਆਪ’ ਅਤੇ ਚੰਦੂਮਾਜਰਾ ਧੜੇ ਦੇ ਨਾਲ ਤੀਜਾ ਉਮੀਦਵਾਰ ਕਾਂਗਰਸ ਦਾ ਵੀ ਹੈ। ਦੋ ਹੋਰ ਅਜਿਹੇ ਜੋਨ ਹਨ, ਜਿਥੇ ‘ਆਪ’ ਦਾ ਮੁਕਾਬਲਾ ਚੰਦੂਮਾਜਰਾ ਧੜੇ ਨਾਲ ਨਾ ਹੋ ਕੇ ਇੱਕ ਥਾਂ ਕਾਂਗਰਸ ਅਤੇ ਦੂਜੀ ਥਾਂ ਬਾਦਲ ਦਲ ਨਾਲ ਹੈ। ਇਨ੍ਹਾ ਵਿਚੋਂ ਬਹਿਲ ਜ਼ੋਨ ਵਿਚ ‘ਆਪ’ ਅਤੇ ਕਾਂਗਰਸ ਅਤੇ ਮੀਰਾਂਪੁਰ ਜੋਨ ਵਿਚ ‘ਆਪ’ ਅਤੇ ਬਾਦਲ ਦਲ ਦੇ ਉਮੀਦਵਾਰ ਆਹਮੋ-ਸਾਹਮਣੇ ਹਨ। ਇਸੇ ਦੌਰਾਨ ਇਨ੍ਹਾਂ ਚਾਰਾਂ ਰਾਜਸੀ ਪਾਰਟੀਆਂ ਦੇ ਇਨ੍ਹਾਂ 25 ਉਮੀਦਵਾਰਾਂ ਤੋਂ ਇਲਾਵਾ ਇਸ ਬਲਾਕ ’ਚ ਤਿੰਨ ਆਜ਼ਾਦ ਉਮੀਦਵਾਰ ਵੀ ਚੋਣ ਪਿੜ ’ਚ ਹਨ ਜਿਨ੍ਹਾਂ ਦੀ ਸ਼ਮੂਲੀਅਤ ਨਾਲ਼ ਬਿੰਜਲ਼ ਅਤੇ ਮਾੜੂ ਚਾਰ-ਚਾਰ ਉਮੀਦਵਾਰਾਂ ਵਾਲ਼ੇ ਜ਼ੋਨ ਹੋ ਨਿੱਬੜੇ ਹਨ। ਕਿਉਂਕਿ ਬਿੰਜਲ ’ਚ ‘ਆਪ’ ਤੇ ਚੰਦੂਮਾਜਰਾ ਧਿਰ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ। ਜਦਕਿ ਮਾੜੂ ਜ਼ੋਨ ’ਚ ‘ਆਪ’, ਬਾਦਲ ਦਲ ਤੇ ਚੰਦੂਮਾਜਰਾ ਗਰੁੱਪ ਸਮੇਤ ਇਕ ਆਜ਼ਾਦ ਉਮੀਦਵਾਰ ਦੀ ਸ਼ਮੂਲੀਅਤ ਨੇ ਗਿਣਤੀ ਚਾਰ ਕਰ ਦਿੱਤੀ।

