ਭਿੰਡਰਾਂ ਵਾਸੀਆਂ ਨੇ ਸਰਬਸੰਮਤੀ ਨਾਲ ਬਲਾਕ ਸਮਿਤੀ ਮੈਂਬਰ ਚੁਣਿਆ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਲੱਡੂ ਵੰਡੇ
ਭਾਵੇਂ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦਾ ਹਾਲੇ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਹੋਇਆ।
ਇਹ ਵੀ ਸਪੱਸ਼ਟ ਨਹੀਂ ਕਿ ਕਿਹੜਾ ਜ਼ੋਨ ਐੱਸ ਸੀ, ਬੀ ਸੀ, ਮਹਿਲਾ ਜਾਂ ਜਨਰਲ ਲਈ ਰਾਖਵਾਂ ਹੋਵੇਗਾ ਪਰ ਪਿੰਡਾਂ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਇੱਥੋਂ ਨੇੜਲੇ ਪਿੰਡ ਭਿੰਡਰਾਂ ਵਿੱਚ ਚੋਣਾਂ ਤੋਂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਸਰਬਸੰਮਤੀ ਨਾਲ ਆਪਣੇ ਪੱਧਰ ’ਤੇ ਬਲਾਕ ਸਮਿਤੀ ਮੈਂਬਰ ਚੁਣ ਲਿਆ ਹੈ ਅਤੇ ਖੁਸ਼ੀ ਵਜੋਂ ਲੱਡੂ ਵੰਡੇ ਗਏ।
ਪਿੰਡ ਭਿੰਡਰਾਂ ਵਿੱਚ ਪੰਚਾਇਤ ਦੇ ਨੁਮਾਇੰਦਿਆਂ ਸਣੇ ਪਿੰਡ ਵਾਸੀਆਂ ਦਾ ਇਕੱਠ ਹੋਇਆ, ਜਿਨ੍ਹਾਂ ਨੇ ਪਿੰਡ ਦੇ ਵਸਨੀਕ ਜਸਵੀਰ ਸਿੰਘ ਖਡਿਆਲੀਆ ਨੂੰ ਸਰਬਸੰਮਤੀ ਨਾਲ ਬਲਾਕ ਸਮਿਤੀ ਮੈਂਬਰ ਚੁਣਨ ਦਾ ਫ਼ੈਸਲਾ ਕੀਤਾ। ਜਾਣਕਾਰੀ ਅਨੁਸਾਰ ਬਲਾਕ ਸਮਿਤੀ ਸੰਗਰੂਰ ਦੇ ਵੱਖ-ਵੱਖ ਜ਼ੋਨਾਂ ਵਿਚੋਂ ਪਿੰਡ ਭਿੰਡਰਾਂ ਇੱਕ ਜ਼ੋਨ ਹੈ ਜਿਥੋਂ ਇੱਕ ਬਲਾਕ ਸਮਿਤੀ ਮੈਂਬਰ ਚੁਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਤਰਫ਼ੋਂ ਜਸਵੀਰ ਸਿੰਘ ਖਡਿਆਲੀਆ ਨੂੰ ਬਲਾਕ ਸਮਿਤੀ ਚੋਣਾਂ ਲਈ ਉਮੀਦਵਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਹੀ ਬਲਾਕ ਸਮਿਤੀ ਮੈਂਬਰ ਵਜੋਂ ਜਸਵੀਰ ਸਿੰਘ ਨੂੰ ਆਪਣੇ ਨੁਮਾਇੰਦੇ ਵਜੋਂ ਪ੍ਰਵਾਨ ਕਰ ਲਿਆ। ਸਾਬਕਾ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਤਰੱਕੀ ਅਤੇ ਏਕਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਕੀਤਾ ਹੈ ਅਤੇ ਚੋਣਾਂ ਦੌਰਾਨ ਪਿੰਡ ਤੋਂ ਹੋਰ ਕੋਈ ਉਮੀਦਵਾਰ ਨਹੀਂ ਹੋਵੇਗਾ। ਉਨ੍ਹਾਂ ਪਿੰਡ ਦੇ ਲੋਕਾਂ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ। ਜਸਵੀਰ ਸਿੰਘ ਖਡਿਆਲੀਆ ਨੇ ਸਰਬਸੰਮਤੀ ਨਾਲ ਉਸ ਉਪਰ ਭਰੋਸਾ ਪ੍ਰਗਟ ਕਰਨ ਵਾਸਤੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਕਾਸ ਅਤੇ ਸੇਵਾ ਉਸ ਦੀ ਪਹਿਲੀ ਤਰਜੀਹ ਰਹੇਗੀ।
ਭਾਵੇਂ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਆਪਣੇ ਪੱਧਰ ਤੇ ਬਲਾਕ ਸਮਿਤੀ ਮੈਂਬਰ ਦੀ ਚੋਣ ਕਰ ਲਈ ਹੈ ਪਰ ਕਾਨੂੰਨੀ ਤੌਰ ’ਤੇ ਇਸ ਚੋਣ ਨੂੰ ਉਦੋਂ ਹੀ ਮਾਨਤਾ ਮਿਲੇਗੀ ਜਦੋਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਹੋਣ ਮਗਰੋਂ ਸਮੁੱਚੀ ਚੋਣ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ।
ਨੋਟੀਫਿਕੇਸ਼ਨ ਮਗਰੋਂ ਸਥਿਤੀ ਸਪੱਸ਼ਟ ਹੋਵੇਗੀ: ਬੀ ਡੀ ਪੀ ਓ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਹਾਲੇ ਚੋਣਾਂ ਸਬੰਧੀ ਨੋਟੀਫਿਕੇਸ਼ਨ ਹੋਣਾ ਹੈ, ਜਿਸ ਤੋਂ ਬਾਅਦ ਸਪੱਸ਼ਟ ਹੋਵੇਗਾ ਕਿ ਬਲਾਕ ਸਮਿਤੀ ਦਾ ਕਿਹੜਾ ਜ਼ੋਨ ਕਿਸ ਵਰਗ ਲਈ ਰਾਖਵਾਂ ਹੈ। ਕਾਨੂੰਨੀ ਤੌਰ ’ਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਉਮੀਦਵਾਰ ਦੀ ਚੋਣ ਬਾਰੇ ਸਪੱਸ਼ਟ ਹੋਵੇਗਾ।

