ਭਵਾਨੀਗੜ੍ਹ: ਮੁੱਖ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕੀ
ਸ਼ਹਿਰ ਦੇ ਮੁੱਖ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਦੀ ਨਿਕਾਸੀ ਠੱਪ ਹੋ ਗਈ ਹੈ ਅਤੇ ਨਗਰ ਕੌਂਸਲ ਵੱਲੋਂ ਗੰਦੇ ਪਾਣੀ ਨੂੰ ਤੂਰ ਪੱਤੀ ਦੀ ਇੱਕ ਖਾਲੀ ਥਾਂ ’ਚ ਕੱਢਣ ਕਾਰਨ ਇਹ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ। ਇਸ ਸਬੰਧੀ ਤੂਰ ਪੱਤੀ ਵਾਸੀ ਹਰਵਿੰਦਰ ਸਿੰਘ ਗੌਲਡੀ ਤੂਰ, ਭਰਭੂਰ ਸਿਘ, ਵਿੱਕੀ ਤੂਰ, ਬਬਲੀ ਤੂਰ, ਹਰਪ੍ਰੀਤ ਸਿੰਘ ਅਤੇ ਪਾਲਾ ਖਾਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਨਿਕਾਸੀ ਨਾਲੇ ਦੀ ਵਕਤ ਸਿਰ ਸਫਾਈ ਨਹੀਂ ਕਰਵਾਈ ਗਈ, ਜਿਸ ਕਾਰਨ ਨਾਲਾ ਓਵਰਫਲੋਅ ਹੋ ਗਿਆ। ਹੁਣ ਨਗਰ ਕੌਂਸਲ ਨੇ ਗੰਦੇ ਪਾਣੀ ਨੂੰ ਪੀਣ ਵਾਲੀ ਸਪਲਾਈ ਲਾਈਨ ਨੇੜੇ ਕਢਵਾ ਦਿੱਤਾ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਗੰਦੇ ਪਾਣੀ ਦੀ ਪੀਣ ਵਾਲੇ ਪਾਣੀ ਨਾਲ ਮਿਲਾਵਟ ਹੋ ਜਾਣ ਕਾਰਨ ਤੂਰ ਪੱਤੀ ਵਿੱਚ ਕੋਈ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਪੱਤੀ ਵਿੱਚ ਪਹਿਲਾਂ ਹੀ ਕਈ ਵਿਅਕਤੀਆਂ ਦੀ ਕਾਲੇ ਪੀਲੀਆ ਅਤੇ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਗੰਦੇ ਪਾਣੀ ਦੀ ਤੁਰੰਤ ਨਿਕਾਸ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਸਾਰੇ ਸ਼ਹਿਰ ਵਿੱਚ ਨਾਲਿਆਂ ਦੀ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਲਦੀ ਹੀ ਮੁਕੰਮਲ ਸਫ਼ਾਈ ਹੋ ਜਾਵੇਗੀ।