ਬਲਾਕ ਸਮਿਤੀ ਭਵਾਨੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਭਰਾਜ ਦੇ ਸੱਤਾਧਾਰੀ ਧਿਰ ਵੱਲੋਂ ਕਾਗਜ਼ ਰੱਦ ਕਰਵਾਉਣ ਦੇ ਰੋਸ ਵਜੋਂ ਅੱਜ ਪਿੰਡ ਭਰਾਜ ਦਾ ਸਰਪੰਚ ਅਮਰੀਕ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ‘ਆਪ’ ਛੱਡ ਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ।
ਸ੍ਰੀਡ ਸਿੰਗਲਾ ਨੇ ਅਮਰੀਕ ਸਿੰਘ ਅਤੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੱਤਾਧਾਰੀ ਧਿਰ ਨੂੰ ਸਪੱਸ਼ਟ ਸੁਨੇਹਾ ਹੈ ਕਿ ਉਹ ਧੱਕੇਸ਼ਾਹੀ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੇਵਾ ਅਤੇ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹੈ। ਲੋਕਤੰਤਰ ਵਿੱਚ ਇਨਸਾਫ਼ ਵਿਸ਼ਵਾਸ ਅਤੇ ਸੇਵਾ ਦੇ ਨਾਲ ਖੜ੍ਹਾ ਹੈ। ਸ੍ਰੀ ਸਿੰਗਲਾ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਦੀ ਇਹ ਧੱਕੇਸ਼ਾਹੀ ਕਾਂਗਰਸ ਦੇ ਉਮੀਦਵਾਰਾਂ ਨੂੰ ਕਮਜ਼ੋਰ ਨਹੀਂ ਕਰੇਗੀ, ਸਗੋਂ ਚੋਣਾਂ ਵਿਚ ਇਨਸਾਫ਼ ਦੀ ਜਿੱਤ ਹੋਵੇਗੀ ਅਤੇ ਹਲਕੇ ਵਿੱਚ ਸੇਵਾ ਅਤੇ ਵਿਕਾਸ ਦਾ ਝੰਡਾ ਬੁਲੰਦ ਕਰੇਗਾ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਸਾਹਬ ਸਿੰਘ ਭੜੋ, ਰਾਮ ਸਿੰਘ ਭਰਾਜ, ਜਸਵੀਰ ਸਿੰਘ ਅਤੇ ਜਗਤਾਰ ਨਮਾਦਾ ਆਦਿ ਹਾਜ਼ਰ ਸਨ।

