ਭਗਵੰਤ ਮਾਨ ਵੱਲੋਂ ਹਲਕਾ ਧੂਰੀ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਨਾਲ ਸਬੰਧਤ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਥਾਪੜਾ ਦਿੰਦਿਆਂ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਲੋਕ ਹਿਤੈਸ਼ੀ ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਲਈ ਵਧ ਚੜ੍ਹਕੇ ਅੱਗੇ ਆਉਣ ਦਾ ਸੱਦਾ ਦਿੱਤਾ। ਕੱਲ੍ਹ ਸ਼ਾਮ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਹਾਜ਼ਰ ਬਲਾਕ ਪ੍ਰਧਾਨਾਂ ’ਚ ਜਸਵਿੰਦਰ ਸਿੰਘ ਘਨੌਰ, ਗਗਨ ਜਵੰਧਾ, ਨਰੇਸ਼ ਸਿੰਗਲਾ, ਮਿਲਖ ਰਾਜ, ਸੁਖਪਾਲ ਸਿੰਘ ਪਾਲਾ, ਤੀਰਥ ਸਿੰਘ ਭੱਦਲਵਡ, ਗੁਰਤੇਜ ਸਿੰਘ ਤੇਜੀ, ਗੁਰਚਰਨ ਸਿੰਘ ਕਾਲਾ ਬੇਨੜਾ, ਵੀਰਭਾਨ ਅਤੇ ‘ਆਪ’ ਆਗੂ ਭਲਿੰਦਰ ਸਿੰਘ ਕਲੇਰਾਂ ਆਦਿ ਨੇ ਧੂਰੀ ਸ਼ਹਿਰ ਅੰਦਰਲੇ ਓਵਰਬ੍ਰਿਜ ’ਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ। ਇਸੇ ਤਰ੍ਹਾਂ ਬੇਸਹਾਰਾ ਪਸ਼ੂਆਂ ਤੇ ਆਵਾਰਾ ਕੁੱਤਿਆ ਦੀ ਬਹੁਤਾਂਤ ਦੇ ਹੱਲ ਸਮੇਤ ਧੂਰੀ ਦੀਆਂ ਕੁੱਝ ਹੋਰ ਮੰਗਾਂ ’ਤੇ ਵੀ ਚਰਚਾ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਸੁਝਾਵਾਂ ਨੂੰ ਪ੍ਰਵਾਨ ਕਰਦਿਆਂ ਧੂਰੀ ਦੇ ਮੋਹਰੀ ਵਾਲੰਟੀਅਰਾਂ ਨਾਲ ਨੇੜਲੇ ਭਵਿੱਖ ’ਚ ਮੀਟਿੰਗਾਂ ਕਰਨ, ਪੁਲ ਦੀ ਰਹਿੰਦੀ ਮਹਿਜ਼ ਇੱਕ ਪ੍ਰਵਾਨਗੀ ਮਗਰੋਂ ਛੇਤੀ ਕੰਮ ਸ਼ੁਰੂ ਕਰਵਾਉਣ, ਬਲਾਕ ਪ੍ਰਧਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਉਣ ਦੇਣ ਅਤੇ ਭਵਿੱਖ ’ਚ ਹਲਕੇ ਦੇ ਲੋਕਾਂ ਨਾਲ ਹੋਰ ਨੇੜਿਓਂ ਵਿਚਾਰਨ ਦਾ ਭਰੋਸਾ ਦਿੱਤਾ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਇਸ ਮੀਟਿੰਗ ਦੌਰਾਨ ਕੁੱਝ ਆਪਣਿਆਂ ਵੱਲੋਂ ਹੀ ਸਿਆਸੀ ਤੌਰ ’ਤੇ ਨੀਵਾਂ ਵਿਖਾਉਣ ਦਾ ਮਸਲਾ ਵੀ ਉੱਠਿਆ ਪਰ ਹਾਜ਼ਰੀਨ ਇਸ ਨੂੰ ਸਾਹਮਣੇ ਲਿਆਉਣ ਤੋਂ ਆਨਾਕਾਨੀ ਕਰਦੇ ਨਜ਼ਰ ਆਏ।