ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਜੂਨ
ਇੱਥੋਂ ਨੇੜਲੇ ਪਿੰਡ ਛਾਹੜ ਵਿੱਚ ਨਛੱਤਰ ਪਾਲ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਸੁਨਾਮ ਹਾਲ ਆਬਾਦ ਛਾਹੜ ਨੂੰ ਉਸ ਦੇ ਪੁੱਤਰ, ਪਤਨੀ ਤੇ ਸਾਲੀ ਵੱਲੋਂ ਖੇਤਾਂ ਵਿੱਚ ਘੇਰ ਕੇ ਕੁੱਟਮਾਰ ਅਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਥਾਣਾ ਛਾਜਲੀ ਦੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਛੱਤਰ ਪਾਲ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਪਰਮਜੀਤ ਕੌਰ ਪਤਨੀ ਨਛੱਤਰ ਪਾਲ ਸਿੰਘ, ਤਰਨਦੀਪ ਸਿੰਘ ਪੁੱਤਰ ਨਛੱਤਰ ਪਾਲ ਸਿੰਘ, ਸੰਦੀਪ ਕੌਰ ਪਤਨੀ ਗੁਰਮੁੱਖ ਸਿੰਘ, ਮੱਖਣ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਭੂਤਗੜ੍ਹ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨਛੱਤਰ ਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਦੀ ਸਿੰਜਾਈ ਕਰ ਰਿਹਾ ਸੀ ਕਿ ਉਸ ਦਾ ਲੜਕਾ ਤਰਨਦੀਪ ਸਿੰਘ ਆਪਣੀ ਗੱਡੀ ਨੰਬਰ ਪੀਬੀ 11 ਡੀ ਬੀ 6939 ਰੰਗ ਚਿੱਟਾ ਮਾਰਕਾ ਸਵਿਫਟ ਵਿੱਚ ਸਮੇਤ ਮੁੱਦਈ ਦੀ ਘਰਵਾਲੀ ਪਰਮਜੀਤ ਕੌਰ ਵਾਸੀ ਦਸਮੇਸ਼ ਨਗਰ ਸੁਨਾਮ ਅਤੇ ਸਾਲੀ ਸੰਦੀਪ ਕੌਰ ਖੇਤ ਆਏ ਅਤੇ ਤਿੰਨਾਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਚੁੱਕ ਕੇ ਗੱਡੀ ਵਿੱਚ ਬਿਠਾ ਲਿਆ ਦਸਮੇਸ਼ ਨਗਰ ਸੁਨਾਮ ਲੈ ਗਏ।
ਇੱਥੇ ਉਸ ਦਾ ਸਾਢੂ ਮੱਖਣ ਸਿੰਘ ਪਹਿਲਾਂ ਹੀ ਹਾਜ਼ਰ ਸੀ ਜਿੱਥੇ ਚਾਰੇ ਜਣਿਆਂ ਨੇ ਮਿਲ ਕੇ ਨਛੱਤਰ ਪਾਲ ਸਿੰਘ ਨੂੰ ਬੰਦੀ ਬਣਾ ਕੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਅਤੇ ਉਸ ਤੋਂ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਲਈ ਕਿਹਾ ਜੋ ਉਸ ਨੇ ਨਹੀਂ ਮੰਨਿਆ। ਉਨ੍ਹਾਂ ਉਸ ਦਾ ਮੋਬਾਈਲ ਅਤੇ ਪਰਸ ਵੀ ਲੈ ਲਿਆ। ਇਸ ਦੌਰਾਨ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਪਰਿਵਾਰ ਵੱਲੋਂ ਉਸਦੀ ਕੀਤੀ ਗਈ ਇਸ ਕੁੱਟਮਾਰ ਦੀ ਵਜਾ ਇਹ ਸੀ ਕਿ ਉਸ ਦੇ ਨਾਮ ’ਤੇ ਪਿੰਡ ਛਾਹੜ ਵਿੱਚ 2.25 ਕਿਲੇ ਜ਼ਮੀਨ ਅਤੇ ਦਸਮੇਸ਼ ਨਗਰ ਸੁਨਾਮ ’ਚ ਘਰ ਹੈ ਜਿਸ ਨੂੰ ਪਰਮਜੀਤ ਕੌਰ ਅਤੇ ਉਸ ਦਾ ਪੁੱਤਰਤਰਨਦੀਪ ਸਿੰਘ ਆਪਣੇ ਨਾਮ ਲਗਵਾਉਣਾ ਚਾਹੁੰਦੇ ਹਨ।
ਇਸ ਦੌਰਾਨ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਛਾਜਲੀ ਪੁਲੀਸ ਨੇ ਸ਼ਿਕਾਇਤਕਰਤਾ ਨਛੱਤਰ ਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।