ਬਾਸਕਟਬਾਲ: ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਦੇ ਲੜਕੇ ਤੇ ਲੜਕੀਆਂ ਜੇਤੂ
ਓਵਰਆਲ ਟਰਾਫ਼ੀ ਜਿੱਤੀ; ਐੱਮਐੱਮ ਮੋਦੀ ਕਾਲਜ ਪਟਿਆਲਾ ਦੀਆਂ ਲਡ਼ਕੀਆਂ ਦੋਇਮ
ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਸੰਗਰੂਰ ’ਚ ਪ੍ਰਿੰਸੀਪਲ ਡਾਕਟਰ ਗੀਤਾ ਠਾਕਰ ਅਤੇ ਅਬਜਰਵਰ ਡਾ. ਪ੍ਰਿੰਸਪ੍ਰੀਤ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਤਿੰਨ ਰੋਜ਼ਾ ਅੰਤਰ ਕਾਲਜ ਬਾਸਕਟਬਾਲ ਟੂਰਨਾਮੈਂਟ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ। ਟੂਰਨਾਮੈਂਟ ਦੇ ਅੱਜ ਆਖਰੀ ਦਿਨ ਫਾਈਨਲ ਮੁਕਾਬਲਿਆਂ ਦੌਰਾਨ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਆਪਣੇ ਜੌਹਰ ਵਿਖਾਉਂਦਿਆਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਓਵਰਆਲ ਟਰਾਫ਼ੀ ਜਿੱਤੀ। ਬਾਸਕਟਬਾਲ ਟੂਰਨਾਮੈਂਟ ਦੇ ਅੱਜ ਆਖਰੀ ਦਿਨ ਦੇ ਸਵੇਰ ਦੇ ਸੈਸ਼ਨ ਦਾ ਉਦਘਾਟਨ ਓਲੰਪੀਅਨ ਖਿਡਾਰੀ ਡਾਕਟਰ ਤਰਲੋਕ ਸਿੰਘ ਸੰਧੂ ਨੇ ਕੀਤਾ। ਜਦੋਂ ਕਿ ਪ੍ਰਧਾਨਗੀ ਕੈਪਟਨ ਡਾ. ਭਪਿੰਦਰ ਸਿੰਘ ਪੂਨੀਆ ਨੇ ਕੀਤੀ। ਲੜਕੀਆਂ ਦੇ ਮੁਕਾਬਲਿਆਂ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਨੇ ਪਹਿਲਾ ਤੇ ਐੱਮਐੱਮ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਦੂਜਾ, ਗੌਰਮਿੰਟ ਕਾਲਜ ਮਲੇਰਕੋਟਲਾ ਨੇ ਤੀਜਾ ਸਥਾਨ ਤੇ ਸਰਕਾਰੀ ਕਾਲਜ ਰੋਪੜ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿਚੋਂ ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਟੀਮ ਨੇ ਪਹਿਲਾ, ਐੱਮਐੱਮ ਮੋਦੀ ਕਾਲਜ ਪਟਿਆਲਾ ਨੇ ਦੂਸਰਾ, ਨੈਸ਼ਨਲ ਕਾਲਜ ਭੀਖੀ ਨੇ ਤੀਸਰਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਨੇ ਚੌਥਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਸਨਮਾਨ ਚਿੰਨ ਟਰਾਫ਼ੀਆਂ ਅਤੇ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਕੌਮਾਂਤਰੀ ਖਿਡਾਰੀ ਗੁਰਜੰਟ ਸਿੰਘ ਦੁੱਗਾਂ, ਕਰਨਲ ਸੁਰਜੀਤ ਸਿੰਘ ਬੱਲ, ਸ੍ਰੀ ਸਤਿਆ ਪ੍ਰਕਾਸ ਕਮਾਂਡੈਂਟ ਸੀਆਰਪੀਐਫ ਆਦਿ ਸ਼ਾਮਲ ਹੋਏ।