ਬਰਿੰਦਰ ਗੋਇਲ ਵੱਲੋਂ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ ਅਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਬਰਿੰਦਰ ਗੋਇਲ ਅੱਜ ਖਨੌਰੀ ਮੰਡੀ ਵਿੱਚ ਮੂਨਕ-ਟੋਹਾਣਾ ਰੋਡ ਤੋਂ ਖਨੌਰੀ ਤੱਕ 25.18 ਕਿਲੋਮੀਟਰ ਸੜਕ ਦੀ 13 ਕਰੋੜ 45 ਲੱਖ ਰੁਪਏ ਅਤੇ ਬਨਾਰਸੀ ਵਿੱਚ ਖਨੌਰੀ ਤੋਂ ਮੰਡਵੀਂ ਤੱਕ 12.20 ਕਿਲੋਮੀਟਰ ਸੜਕ ਦੀ 7 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਕਾਇਆਕਲਪ ਕਰਨ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਕਾਇਆ ਕਲਪ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਹਲਕੇ ਦੀ ਕੋਈ ਸੜਕ ਅਜਿਹੀ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਦੀ ਕਾਇਆਕਲਪ ਨਾ ਹੋਈ ਹੋਵੇ। ਇਹ ਦੋਵੇਂ ਸੜਕਾਂ ਦੀ ਕਾਇਆਕਲਪ ਦੀ ਮੰਗ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਸੀ ਤੇ ਅੱਜ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਹੋਈਆਂ ਹਨ।
ਪੰਜਾਬ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾ ਰਿਹਾ ਹੈ। ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ, ਪਾਣੀ ਦੀ ਨਿਕਾਸੀ ਅਤੇ ਸਕੂਲਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਿੱਚ ਲੱਗੇ ਹੋਏ ਵਿਅਕਤੀਆਂ ਨੂੰ ਵੱਡੇ ਪੱਧਰ ’ਤੇ ਕਾਬੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖਤਮ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਜੋਗੀਰਾਮ ਭੁੱਲਣ, ਅਰੁਣ ਜਿੰਦਲ, ਜਗਸੀਰ ਮਲਾਣਾ, ਰਿੰਕੂ ਕੁਦਨੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।