ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸਮਾਗਮ
ਪੱਤਰ ਪ੍ਰੇਰਕ
ਪਟਿਆਲਾ, 26 ਜੂਨ
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਪਟਿਆਲਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਕਰਵਾਈ ਗਈ ਵਾਕਾਥੋਨ ’ਚ ਵੱਡੀ ਗਿਣਤੀ ਛੋਟੇ ਬੱਚਿਆਂ, ਵਿਦਿਆਰਥੀਆਂ ਤੇ ਖਿਡਾਰੀਆਂ ਨੇ ਹਿੱਸਾ ਲੈ ਕੇ ਨਸ਼ਿਆਂ ਦੀ ਵਰਤੋਂ ਤੇ ਗ਼ੈਰਕਨੂੰਨੀ ਤਸਕਰੀ ਖ਼ਿਲਾਫ਼ ਭਾਵੁਕ ਸੁਨੇਹਾ ਦਿੱਤਾ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਈ ਇਸ ਵਾਕਾਥੋਨ ਨੂੰ ਹਰੀ ਝੰਡੀ ਦਿੱਤੀ। ਡਾ. ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਹੈ ਅਤੇ ਇਸ ਲਈ ਜਿੱਥੇ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ, ਉੱਥੇ ਹੀ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਸਮਾਜ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੀ ਨਸ਼ਿਆਂ ਵਿਰੁੱਧ ਵਾਕਾਥੋਨ ’ਚ ਛੋਟੇ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਬੱਚਿਆਂ ਨੇ ਨਸ਼ਿਆਂ ਖ਼ਿਲਾਫ਼ ਭਾਵੁਕ ਸੁਨੇਹਾ ਦਿੱਤਾ ਹੈ, ਪੰਜਾਬ ਸਰਕਾਰ ਦੇ ਉਪਰਾਲੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੋੜਨ ਲਈ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਨੇ ਕਿਹਾ ਕਿ 15 ਤੋਂ 35 ਸਾਲ ਦੀ ਉਮਰ ਤੱਕ ਤੇ ਬੱਚਿਆਂ ਨੂੰ ਬਚਾਉਣਾ ਜ਼ਰੂਰੀ, ਜੇਕਰ ਕੋਈ ਨਸ਼ਾ ਕਰਾਉਂਦਾ ਹੈ ਤਾਂ ਸੂਚਨਾ ਸੇਫ਼ ਪੰਜਾਬ ਹੈਲਪ ਲਾਈਨ ਨੰਬਰ 9779100200 ‘ਤੇ ਦਿੱਤੀ ਜਾਵੇ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਦੀਪ ਕੌਰ ਚੀਮਾ ਅਤੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਕਾਥੋਨ ‘ਚ ਕੋਚਿੰਗ ਸੈਂਟਰ ਪੋਲੋ ਗਰਾਊਂਡ ਦੇ 600 ਖਿਡਾਰੀ ਬੱਚਿਆਂ ਨੇ ਭਾਗ ਲਿਆ, ਜਿਸ ‘ਚ ਹੈਂਡਬਾਲ, ਜਿਮਨਾਸਟਿਕ, ਵੇਟ ਲਿਫ਼ਟਿੰਗ, ਹਾਕੀ, ਫੁੱਟਬਾਲ, ਐਥਲੈਟਿਕਸ, ਬਾਸਕਟਬਾਲ, ਵਾਲੀਬਾਲ, ਖੋ-ਖੋ, ਬੈਡਮਿੰਟਨ, ਜੂਡੋ, ਲਾਅਨ ਟੈਨਿਸ, ਟੇਬਲ ਟੈਨਿਸ ਤੇ 8 ਸਾਲ ਤੋਂ 25 ਸਾਲ ਤੱਕ ਦੇ ਖਿਡਾਰੀ ਸ਼ਾਮਲ ਹਨ। ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਤੇ ਸਮਾਜ ਸੇਵੀ ਪਰਮਿੰਦਰ ਭਲਵਾਨ ਨੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।
ਇਸੇ ਦੌਰਾਨ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਵੱਲੋਂ ਆਰਚਰੀ ਗਰਾਊਂਡ ਵਿੱਚ ਜਾ ਕੇ ਅਭਿਆਸ ਕਰ ਰਿਹੇ ਖਿਡਾਰੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਜਾਗਰੂਕ ਕੀਤਾ ਅਤੇ ਖਿਡਾਰੀਆਂ ਨੂੰ ਇੱਕ ਚੰਗੀ ਜੀਵਣ ਜਾਂਚ ਅਪਣਾਉਣ ਲਈ ਕਿਹਾ ਗਿਆ। ਇਸ ਮੌਕੇ ਮਸ਼ਹੂਰ ਪੈਰਾ ਤੀਰਅੰਦਾਜ਼ ਗੁਰਵਿੰਦਰ ਸਿੰਘ ਵੱਲੋਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਚੰਗਾ ਭਵਿੱਖ ਬਣਾਉਣ ਬਾਰੇ ਪ੍ਰੇਰਿਤ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸੂਬਾ ਪੱਧਰੀ ਨਸ਼ਾ ਮੁਕਤ ਅਭਿਆਨ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸ਼ਾਮਲ ਹੋਕੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਮੌਕੇ ਲੈਕਚਰਾਰ ਹਰਪ੍ਰੀਤ ਸਿੰਘ, ਕੋਚ ਗੁਰਪ੍ਰੀਤ ਸਿੰਘ ਸ਼ਾਮਲ ਸਨ।
ਸੰਗਰੂਰ ਪ੍ਰਸ਼ਾਸਨ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਜਾਗਰੂਕਤਾ ਦਿਵਸ ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਹਸਪਤਾਲ ਵਿੱਚ ਮਨਾਇਆ ਗਿਆ। ਸੰਸਥਾ ਦੇ ਪ੍ਰਾਜੈਕਟ ਡਾਇਰੈਕਟਰ ਬਲਰਾਜ ਸਿੰਘ ਨੇ ਨਸ਼ਾ ਵਿਰੋਧੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਆ। ਉਨ੍ਹਾ ਕਿਹਾ ਕਿ ਨਸ਼ਾ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਨਸ਼ੇ ਦੇ ਕਾਰਨ ਵਿਅਕਤੀ ਮੰਦਬੁੱਧੀ ਹੋ ਸਕਦਾ ਹੈ। ਉਨ੍ਹਾਂ ਮਰੀਜ਼ਾਂ ਨੂੰ ਕਿਹਾ ਕਿ ਉਹ ਨਸ਼ਾ ਛੱਡਣ ਦਾ ਯਤਨ ਕਰਨ, ਉਨ੍ਹਾਂ ਦਾ ਪੂਰਨ ਸਹਿਯੋਗ ਕਰਨਗੇ। ਉਨ੍ਹਾਂ ਨਸ਼ਿਆਂ ਦੇ ਆਦੀ ਵਿਅਕਤੀ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ। ਬਲਰਾਜ ਸਿੰਘ ਨੇ ਕਿਹਾ ਕਿ ਨਸ਼ਾ ਕਿਸੇ ਦਾ ਵੀ ਭਲਾ ਨਹੀਂ ਕਰਦਾ ਅਤੇ ਨਸ਼ੇ ਕਾਰਨ ਜਿੱਥੇ ਨਸ਼ੇ ਦਾ ਆਦੀ ਵਿਅਕਤੀ ਆਪਣਾ ਨੁਕਸਾਨ ਕਰਦਾ ਹੈ ਉੱਥੇ ਹੀ ਪਰਿਵਾਰ ਦਾ ਵੀ ਨੁਕਸਾਨ ਕਰਦਾ ਹੈ। ਇਸ ਲਈ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਸਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਸਮੇਂ ਕਾਊਂਸਲਰ ਪਰਮਜੀਤ ਸਿੰਘ, ਸਟਾਫ ਨਰਸ ਸ਼ਮਿੰਦਰਪਾਲ ਕੌਰ, ਅਕਾਊਂਟੈਂਟ ਸਿਮਰਨਪ੍ਰੀਤ ਕੌਰ, ਵਾਰਡ ਬੁਆਏ ਸ਼ੰਕਰ ਸਿੰਘ, ਸ਼ੋਸ਼ਲ ਵਰਕਰ ਨਾਇਬ ਸਿੰਘ, ਸਟਾਫ ਨਰਸ ਗੁਰਦੀਪ ਸਿੰਘ ਹਾਜ਼ਰ ਸਨ। ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਕੌਮਾਂਤਰੀ ਨਸ਼ਾ ਰੋਕਥਾਮ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਦੇ ਖਿਲਾਫ਼ ਆਰ-ਪਾਰ ਦੀ ਲੜਾਈ ਸ਼ੁਰੂ ਕੀਤੀ ਹੋਈ ਹੈ ਤੇ ਇਹ ਲੜਾਈ ਪੂਰੀ ਤਰ੍ਹਾਂ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਲੋਕ ਇਸ ਵਿੱਚ ਪੂਰਨ ਸਾਥ ਦੇਣ। ਇਸ ਮੌਕੇ ਉਡਾਨ ਆਰਟਸ ਵੱਲੋਂ ਗੁਰਪਿਆਰ ਸਿੰਘ ਦੇ ਨਿਰਦੇਸ਼ਨ ਤੇ ਅਦਾਕਾਰੀ ਵਾਲੇ ਨਸ਼ਿਆਂ ਵਿਰੁੱਧ ਸੁਨੇਹਾ ਦਿੰਦੇ ਨਾਟਕ “ਸੁਲਘਦੀ ਧਰਤੀ” ਦੀ ਭਾਵਪੂਰਨ ਪੇਸ਼ਕਾਰੀ ਕੀਤੀ ਗਈ, ਜਿਸ ਤਹਿਤ ਨਸ਼ਿਆਂ ਦੇ ਖਾਤਮੇ ਤੇ ਧੀਆਂ ਨੂੰ ਕੁੱਖ ਵਿੱਚ ਕਤਲ ਕਰਨ ਵਿਰੁੱਧ ਸੁਨੇਹਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਸ੍ਰੀਮਤੀ ਜਸਵੀਰ ਕੌਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਬੁਆਏ ਨਿਰਭੈ ਸਿੰਘ, ਪੀਅਰ ਐਜੂਕੇਟਰ ਜੱਗਾ ਸਿੰਘ, ਜਗਦੇਵ ਸਿੰਘ ਅਤੇ ਹੋਰ ਸ਼ਾਮਲ ਸਨ।