DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸ਼ਾ ਵਰਕਰਾਂ ਨੇ ਏਐੱਨਐੱਮਜ਼ ਨੂੰ ਵੈਕਸੀਨ ਚੁੱਕਣ ਤੋਂ ਰੋਕਿਆ

0-5 ਸਾਲ ਦੇ ਬੱਚਿਆਂ ਦੇ ਟੀਕਾਕਰਨ ਦਾ ਕੰਮ ਪ੍ਰਭਾਵਿਤ; ਕਲਮ ਛੋੜ ਹੜਤਾਲ ਜਾਰੀ
  • fb
  • twitter
  • whatsapp
  • whatsapp
featured-img featured-img
ਸ਼ੇਰਪੁਰ ਵਿੱਚ ਪ੍ਰਦਰਸ਼ਨ ਕਰਦੀਆਂ ਹੋਈਆਂ ਆਸ਼ਾ ਵਰਕਰਜ਼।
Advertisement

ਬੀਰਬਲ ਰਿਸ਼ੀ

ਸ਼ੇਰਪੁਰ, 26 ਜੂਨ

Advertisement

ਆਸ਼ਾ ਵਰਕਰ ਫੈਸੀਲਿਟੇਟਰ ਸਾਂਝਾ ਮੋਰਚਾ ਪੰਜਾਬ ਦੇ ਸਾਂਝੇ ਸੱਦੇ ’ਤੇ ਸੂਬੇ ਅੰਦਰ ਆਸ਼ਾ ਵਰਕਰਾਂ ਵੱਲੋਂ ਚੱਲ ਰਹੀ ਕਲਮਛੋੜ ਹੜਤਾਲ ਅੱਜ ਵੀ ਜ਼ਾਰੀ ਰਹੀ ਪਰ ਮਾਮਲਾ ਅੱਜ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਜਥੇਬੰਦੀ ਦੀਆਂ ਇਕੱਤਰ ਬੀਬੀਆਂ ਨੇ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਦੀ ਅਗਵਾਈ ਹੇਠ ਏਐੱਨਐੱਮਜ਼ ਨੂੰ ਵੈਕਸੀਨੇਸ਼ਨ ਚੁੱਕਣ ਤੋਂ ਰੋਕ ਦਿੱਤਾ। ਇਸ ਕਾਰਵਾਈ ਨਾਲ 0 ਤੋਂ 5 ਸਾਲ ਦੇ ਬੱਚਿਆਂ ਨੂੰ ਲੱਗਣ ਵਾਲੀ ਵੈਕਸ਼ਨ ਦਾ ਕੰਮ ਪ੍ਰਭਾਵਿਤ ਹੋ ਗਿਆ। ਇਸ ਤੋਂ ਪਹਿਲਾਂ ਆਸ਼ਾ ਵਰਕਰਾਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਵਰਕਰਾਂ ਦੀ ਨਿਗਰਾਨੀ ਵਾਲੀਆਂ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ ਵੀ ਪ੍ਰਭਾਵਿਤ ਹੋ ਰਹੇ ਹਨ। ਬਲਾਕ ਪ੍ਰਧਾਨ ਸਿੰਦਰਪਾਲ ਕੌਰ ਕਾਤਰੋਂ ਨੇ ਕਿਹਾ ਕਿ 21 ਜੂਨ ਤੋਂ ਤਿੱਖੜ ਦੁਪਹਿਰਾਂ ਵਿੱਚ ਮਜਬੂਰੀਵੱਸ ਸੰਘਰਸ਼ ਦੇ ਰਾਹ ਪਈਆਂ ਆਸ਼ਾ ਵਰਕਰਾਂ ਦੀਆਂ ਮੰਗਾਂ ਮੰਨ ਕੇ ਸੰਘਰਸ਼ ਖ਼ਤਮ ਕਰਵਾਉਣ ਦੀ ਥਾਂ ਸਰਕਾਰ ਤੇ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਸਿਹਤ ਮੰਤਰੀ ਨਾਲ ਹੋਈਆਂ ਮੀਟਿੰਗਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹ ਮਹਿਜ਼ ਲਾਰਿਆਂ ਨਾਲ ਸੰਘਰਸ਼ ਖ਼ਤਮ ਕਰਵਾਉਣਾ ਚਹੁੰਦੇ ਹਨ ਜਦੋਂ ਕਿ ਸਮੂਹ ਵਰਕਰ ਬੀਬੀਆਂ ਸਰਕਾਰ ਨੂੰ ਕੁੱਝ ਠੋਸ ਤਜਵੀਜ਼ ਲਿਆਉਣ ਲਈ ਕਿਹਾ ਕਿਉਂਕਿ ਅਜਿਹਾ ਨਾ ਹੋਣ ‘ਤੇ ਆਪ ਸਰਕਾਰ ਦੇ ਉਮੀਦਵਾਰ ਦਾ ਜਲੰਧਰ ਵਿੱਚ ਤਿੱਖਾ ਵਿਰੋਧ ਤੈਅ ਹੈ। ਮੰਗਾਂ ਦਾ ਜ਼ਿਕਰ ਕਰਦਿਆਂ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਦੀ ਉਮਰ ਹੱਦ 58 ਸਾਲ ਤੋਂ ਵਧਾ ਕੇ 65 ਸਾਲ ਕਰਨ, ਸੇਵਾਮੁਕਤੀ ਸਮੇਂ ਵਰਕਰਾਂ ਨੂੰ ਘੱਟੋ ਘੱਟ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ, 10 ਹਜਾਰ ਰੁਪਏ ਮਹੀਨਾ ਪੈਨਸ਼ਨ ਦੇਣ ਆਦਿ ਮੰਗਾਂ ਰੱਖੀਆਂ। ਇਸ ਸਬੰਧੀ ਜਦੋਂ ਐੱਲਐੱਚਵੀ ਸ਼ੇਰਪੁਰ ਦੇ ਮੋਬਾਈਲ ’ਤੇ ਸੰਪਰਕ ਕਰਕੇ ਪੁਸ਼ਟੀ ਕਰਨੀ ਚਾਹੀ ਤਾਂ ਉਨ੍ਹਾਂ ਦੇ ਫੋਨ ਤੋਂ ਬੋਲਣ ਵਾਲੀ ਮਹਿਲਾ ਨੇ ਕਿਹਾ ਕਿ ਉਹ ਇਸ ਜਗ੍ਹਾ ਆਪਣਾ ਫੋਨ ਭੁੱਲ ਗਏ ਹਨ ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਸਬੰਧੀ ਕੋਈ ਇਲਮ ਨਹੀਂ। ਉਂਜ ਇੱਕ ਹੋਰ ਸਿਹਤ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖ ਦੀ ਸ਼ਰਤ ’ਤੇ ਦੱਸਿਆ ਕਿ ਇਹ ਸਾਰਾ ਮਾਮਲਾ ਸੀਐੱਮਓ ਸੰਗਰੂਰ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਆਸ਼ਾ ਵਰਕਰਜ਼ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਕੁੱਪ ਕਲਾਂ ਦੀ ਅਗਵਾਈ ਹੇਠ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ। ਆਸ਼ਾ ਵਰਕਰਾਂ ਨੇ ਸਰਕਾਰੀ ਹਸਪਤਾਲ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਸਵੀਰ ਕੌਰ ਕੁੱਪ, ਬਲਾਕ ਪ੍ਰਧਾਨ ਕਮਰ ਜਹਾਂ, ਸਿਮਰਨਪ੍ਰੀਤ ਕੌਰ, ਚਰਨਜੀਤ ਕੌਰ ਅਤੇ ਸ਼ਰਨਜੀਤ ਕੌਰ ਨੇ ਕਿਹਾ ਕਿ ਕੌਮੀ ਪੇਂਡੂ ਸਿਹਤ ਮਿਸ਼ਨ ਤਹਿਤ ਆਸ਼ਾ ਵਰਕਰਜ਼ ਲੰਮੇ ਸਮੇਂ ਤੋਂ ਨਿਗੂਣੇ ਭੱਤਿਆਂ ’ਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ। ਪੰਜਾਬ ਭਰ ਦੀਆਂ ਆਸ਼ਾ ਵਰਕਰਜ਼ ਨੇ ਜੱਚਾ-ਬੱਚਾ ਦੀ ਮੌਤ ਦਰ ਘਟਾਉਣ , ਲਿੰਗ ਅਨੁਪਾਤ, ਇੰਦਰ ਧਨੁਸ਼ ਮੁਹਿੰਮ ਤਹਿਤ ਟੀਕਾਕਰਨ, ਪਲਸ ਪੋਲਿਓ ਮੁਹਿੰਮ, ਕੋਵਿਡ ਦੌਰਾਨ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਹਨ ਪਰ ਪੰਜਾਬ ਸਰਕਾਰ ਨੇ ਇਹ ਸਾਰੇ ਕੰਮਾਂ ਨੂੰ ਅੱਖੋਂ-ਪਰੋਖੇ ਕਰਕੇ ਆਸ਼ਾ ਵਰਕਰਜ਼ ਦੀ ਕੰਮ ਕਰਨ ਦੀ ਉਮਰ ਹੱਦ 58 ਸਾਲ ਕਰਨ ਵੇਲੇ ਕੁਝ ਵੀ ਨਹੀਂ ਸੋਚਿਆ। ਆਗੂਆਂ ਨੇ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਯੂਨੀਅਨ ਨੂੰ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਮਜਬੂਰ ਹੋ ਕੇ 21 ਜੂਨ ਤੋਂ ਕਲਮ ਛੋੜ ਹੜਤਾਲ ਕਰਨੀ ਪਈ ਹੈ। ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਸਬੰਧੀ ਯੂਨੀਅਨ ਆਗੂਆਂ ਨਾਲ 28 ਜੂਨ ਤੱਕ ਕੋਈ ਬੈਠਕ ਤੈਅ ਨਾ ਕੀਤੀ ਤਾਂ ਆਸ਼ਾ ਵਰਕਰਜ਼ ਦੀਆਂ ਚਾਰੇ ਜਥੇਬੰਦੀਆਂ 29 ਜੂਨ ਨੂੰ ਜਲੰਧਰ ਵਿੱਚ ਰੋਸ ਵਿਖਾਵਾ ਕਰਨਗੀਆਂ। ਇਸ ਮੌਕੇ ਗਿਆਨ ਕੌਰ, ਰਾਣੋ, ਜਸਵੀਰ ਕੌਰ ਫੱਲੇਵਾਲ, ਡਿੰਪਲ ਸ਼ਰਮਾ ਕੰਗਣਵਾਲ, ਕੁਲਦੀਪ ਕੌਰ ਨਿਸ਼ਾ ਅਤੇ ਰਸ਼ੀਦਾ ਹਾਜ਼ਰ ਸਨ।

ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਧਰਨਾ

ਭਵਾਨੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਆਸ਼ਾ ਵਰਕਰਜ਼।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਚੌਥੇ ਦਿਨ ਆਸ਼ਾ ਵਰਕਰਾਂ ਨੇ ਆਪਣਾ ਸੰਘਰਸ਼ ਤੇਜ਼ ਕਰਦਿਆਂ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਆਗੂ ਰਾਣੋ ਖੇੜੀ ਗਿੱਲਾਂ, ਕਮਲਜੀਤ ਕੌਰ ਭੱਟੀਵਾਲ ਖੁਰਦ, ਬੇਅੰਤ ਕੌਰ ਰੇਤਗੜ੍ਹ, ਜਸਮੇਲ ਕੌਰ ਮਾਝਾ, ਜਸਵਿੰਦਰ ਕੌਰ ਬਾਲਦ ਕਲਾਂ, ਕਰਮਜੀਤ ਕੌਰ ਭੱਟੀਵਾਲ ਕਲਾਂ ਅਤੇ ਸੋਹਨਜੀਤ ਕੌਰ ਬਲਿਆਲ ਨੇ ਕਿਹਾ ਕਿ 25 ਜੂਨ ਨੂੰ ਜਥੇਬੰਦੀ ਦੇ ਵਫ਼ਦ ਦੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਮੰਗਾਂ ਸਬੰਧੀ ਕੋਈ ਠੋਸ ਫ਼ੈਸਲਾ ਨਾ ਹੋਣ ਕਾਰਨ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਜਲੰਧਰ ਵਿੱਚ ਪੰਜਾਬ ਪੱਧਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਦੌਰਾਨ ਧਰਨੇ ਦੌਰਾਨ ਇਕ ਪੁਲੀਸ ਮੁਲਾਜ਼ਮ ਵੱਲੋਂ ਕਥਿਤ ਦੁਰਵਿਹਾਰ ਕਰਨ ਤੋਂ ਭੜਕੀਆਂ ਆਸ਼ਾ ਵਰਕਰਾਂ ਵੱਲੋਂ ਮੁੱਖ ਮਾਰਗ ’ਤੇ ਪੱਕਾ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ। ਬਾਅਦ ਵਿੱਚ ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਤ ਜੋਸ਼ੀ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਦੀ ਹਾਜ਼ਰੀ ਵਿੱਚ ਸਬੰਧਤ ਮੁਲਾਜ਼ਮ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕਰਨ ਮਗਰੋਂ ਧਰਨਾ ਸਮਾਪਤ ਕੀਤਾ ਗਿਆ।

Advertisement
×