ਰਾਜਪੁਰਾ ਅਨਾਜ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ
ਅਨਾਜ ਮੰਡੀ ਰਾਜਪੁਰਾ ਵਿੱਚ ਝੋਨੇ ਦੀ ਫ਼ਸਲ ਦੀ ਖ਼ਰੀਦ ਚੇਅਰਮੈਨ ਦੀਪਕ ਸੂਦ ਦੀ ਅਗਵਾਈ ਹੇਠ ਕੀਤੀ ਗਈ। ਕਿਸਾਨ ਬਲਕਾਰ ਸਿੰਘ ਵਾਸੀ ਚੁਹਾਨਸਾ (ਡੇਰਾ ਬਸੀ) ਮੰਡੀ ਵਿਖੇ ਪਹਿਲੀ ਢੇਰੀ ਲੈ ਕੇ ਆਏ ਜੋ ਕਿ ਮੈਸ: ਗੋਬਿੰਦ ਰਾਮ ਵਿਕਰਮ ਕੁਮਾਰ ਦੀ ਫ਼ਰਮ ਵੱਲੋਂ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਗਈ। ਇਸ ਮੌਕੇ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਪਹਿਲੀ ਢੇਰੀ ਆਉਣ ’ਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਬੋਲੀ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਫ਼ਸਲ ਦੇ ਖ਼ਰੀਦ ਲਈ ਸੁਚੱਜੇ ਪ੍ਰਬੰਧ ਕਰ ਰਹੇ ਹਨ ਅਤੇ ਝੋਨੇ ਦੀ ਫ਼ਸਲ, ਜੋ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ, ਦਾ ਇੱਕ-ਇੱਕ ਦਾਣਾ ਪਹਿਲ ਦੇ ਅਧਾਰ ’ਤੇ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਲਈ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਮੰਡੀ ਵਿੱਚ ਝੋਨੇ ਦੀ ਸੁੱਕੀ ਫ਼ਸਲ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫ਼ਸਲ ਦੀ ਵਿਕਰੀ ਸਮੇਂ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਪ੍ਰੇਸ਼ਾਨ ਨਾ ਹੋਣਾ ਪਵੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਆਪ ਆਗੂ ਮੁਨੀਸ਼ ਸੂਦ, ਆੜ੍ਹਤੀ ਗੁਲਸ਼ਨ ਕੁਮਾਰ, ਵਿਜੇ ਕੱਕੜ, ਓਮ ਪ੍ਰਕਾਸ਼, ਅਸ਼ਵਨੀ ਕੁਮਾਰ, ਰਾਕੇਸ਼ ਕੁਮਾਰ, ਵਿਨੇ ਕੁਮਾਰ, ਸਚਿਨ ਵਰਮਾ ਵੀ ਮੌਜੂਦ ਸਨ।