ਅਮਨ ਅਰੋੜਾ ਵੱਲੋਂ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਵਾਸੀਆਂ ਨੂੰ ਜਲ ਸਪਲਾਈ ਪ੍ਰਾਜੈਕਟ ਦੀ ਸ਼ੁਰੂਆਤ ਕਰ ਕੇ ਦਸਹਿਰੇ ਦੀਆਂ ਵਧਾਈਆਂ ਦਿੱਤੀਆਂ। ਕੈਬਨਿਟ ਮੰਤਰੀ ਨੇ ਸੀਤਾਸਰ ਰੋਡ ’ਤੇ ਲਗਪਗ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ...
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਵਾਸੀਆਂ ਨੂੰ ਜਲ ਸਪਲਾਈ ਪ੍ਰਾਜੈਕਟ ਦੀ ਸ਼ੁਰੂਆਤ ਕਰ ਕੇ ਦਸਹਿਰੇ ਦੀਆਂ ਵਧਾਈਆਂ ਦਿੱਤੀਆਂ। ਕੈਬਨਿਟ ਮੰਤਰੀ ਨੇ ਸੀਤਾਸਰ ਰੋਡ ’ਤੇ ਲਗਪਗ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ਤਹਿਤ ਟਿਊਬਵੈੱਲ ਅਤੇ 2 ਲੱਖ ਲਿਟਰ ਦੀ ਟੈਂਕੀ ਬਣਾਉਣ ਸਮੇਤ 33,635 ਮੀਟਰ ਲੰਮੀ ਪਾਈਪਲਾਈਨ ਪਾਈ ਜਾਵੇਗੀ ਅਤੇ 1472 ਘਰਾਂ, ਜਿਨ੍ਹਾਂ ਕੋਲ ਹੁਣ ਤੱਕ ਪਾਣੀ ਦੇ ਕੁਨੈਕਸ਼ਨ ਨਹੀਂ ਸਨ, ਨੂੰ ਕੁਨੈਕਸ਼ਨ ਦਿੱਤੇ ਜਾਣਗੇ।
ਇਹ ਪ੍ਰਾਜੈਕਟ ਇਕ ਸਾਲ ਵਿੱਚ ਮੁਕੰਮਲ ਕਰ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਤਹਿਤ ਟਿੱਬੀ ਬਸਤੀ ਵਿੱਚ 250 ਕੁਨੈਕਸ਼ਨ, ਨਮੋਲ ਰੋਡ ’ਤੇ 50 ਕੁਨੈਕਸ਼ਨ, ਗੁਜਾ ਪੀਰ ਵਿੱਚ 100, ਸਾਈ ਕਲੋਨੀ 100, ਮਾਨਸਾ ਰੋਡ 100, ਜਗਤਪੁਰਾ ਰੋਡ 150, ਪ੍ਰੀਤ ਨਗਰ ਕੱਚਾ ਪਹਾ 200, ਪਟਿਆਲਾ ਰੋਡ 150, ਬਿਗੜਵਾਲ ਰੋਡ 50, ਆਈਟੀਆਈ ਦੇ ਪਿਛਲੇ ਪਾਸੇ 50, ਚੱਠਾ ਰੋਡ 22, ਭਾਗ ਸਿੰਘ ਵਾਲਾ ਰੋਡ 50, ਨੀਲੋਵਾਲ ਰੋਡ 50 ਕੁਨੈਕਸ਼ਨਾਂ ਸਮਤੇ ਇਸ ਤੋਂ ਇਲਾਵਾ ਟਰਾਲੀ ਯੂਨੀਅਨ ਰੋਡ, ਪੀਰਾਂ ਵਾਲਾ ਗੇਟ, ਐਕਸਚੇਂਜ ਅਤੇ ਨਗਰ ਕੌਂਸਲ ਦਫਤਰ ਨੇੜਲੇ ਇਲਾਕਿਆਂ ਵਿਚ ਕਰੀਬ 100 ਕੁਨੈਕਸ਼ਨ ਦਿੱਤੇ ਜਾਣਗੇ।
ਇਸ ਦੌਰਾਨ ਕੈਬਨਿਟ ਮੰਤਰੀ ਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਨਾਮ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਕਰੀਬ 150 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਕਈ ਪ੍ਰਾਜੈਕਟ ਮੁਕੰਮਲ ਹੋ ਗਏ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ’ਤੇ ਜਾਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਰਬਪੱਖੀ ਵਿਕਾਸ ਕਾਰਜ ਕਰਵਾਉਣ ਲਈ ਵਚਨਬੱਧ ਹੈ ਤੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐੱਸ ਡੀ ਐੱਮ ਪ੍ਰਮੋਦ ਸਿੰਗਲਾ, ਐੱਸਈ ਜਲ ਸਪਲਾਈ ਤੇ ਸੀਵਰੇਜ ਬੋਰਡ ਜੀਪੀ ਸਿੰਘ, ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਸਮੇਤ ਵੱਖ-ਵੱਖ ਅਹੁਦੇਦਾਰ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।