ਅਕਾਲੀ ਦਲ ਕਿਸੇ ਦੀ ਜਗੀਰ ਨਹੀਂ: ਝੂੰਦਾ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਵਿਸ਼ੇਸ਼ ਮੀਟਿੰਗ ਦਿੜ੍ਹਬਾ ਵਿਖੇ ਹੋਈ, ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਇਕਬਾਲ ਸਿੰਘ ਝੂੰਦਾ, ਭੁਪਿੰਦਰ ਸਿੰਘ ਨਿੱਕਾ ਆਦਿ ਸੀਨੀਅਰ ਅਕਾਲੀ ਆਗੂਆਂ ਤੋਂ ਇਲਾਵਾ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਪੰਜਾਬ ਦੀ ਪੰਥਕ ਪਾਰਟੀ ਹੈ ਇਹ ਕਿਸੇ ਇੱਕ ਪਰਿਵਾਰ ਦੀ ਜਾਗੀਰ ਨਹੀਂ ਹੈ। ਉਨ੍ਹਾਂ ਦੱਸਿਆ ਕਿ 11 ਅਗਸਤ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੇ ਸੂਬਾ ਪੱਧਰੀ ਡੈਲੀਗੇਟ ਇਜਲਾਸ ਲਈ ਹਲਕਾ ਦਿੜ੍ਹਬਾ ਵਿੱਚੋਂ ਚਾਰ ਸੂਬਾ ਪੱਧਰ ਲਈ ਅਤੇ 12 ਜ਼ਿਲ੍ਹੇ ਲਈ ਡੈਲੀਗੇਟ ਚੁਣੇ ਗਏ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਕਰਨ ਘੁਮਾਣ ਕੈਨੇਡਾ, ਤੇਜਾ ਸਿੰਘ ਕਮਾਲਪੁਰ ਅਤੇ ਹਰਦੇਵ ਸਿੰਘ ਰੋਗਲਾ ਦੀ ਸੂਬੇ ਲਈ, ਜਦਕਿ ਭੁਪਿੰਦਰ ਸਿੰਘ ਮੌੜ, ਸੁਖਜਿੰਦਰ ਸਿੰਘ ਸਿੰਧੜਾਂ, ਰਣਧੀਰ ਸਿੰਘ ਸਮੂੰਰਾਂ, ਧਰਮਜੀਤ ਸਿੰਘ ਸੰਗਤਪੁਰਾ, ਗੁਰਜੀਤ ਸਿੰਘ ਜੀਤੀ ਜਨਾਲ, ਕਸ਼ਮੀਰ ਸਿੰਘ ਰੋੜੇਵਾਲ, ਜੀਵਨ ਕੁਮਾਰ ਦਿੜ੍ਹਬਾ, ਭੋਲਾ ਸਿੰਘ ਜਖੇਪਲ, ਰੂਪ ਸਿੰਘ ਰੱਤਾਖੇੜਾ, ਕਰਨੈਲ ਸਿੰਘ ਸਮੂੰਰਾਂ, ਅਜੈਬ ਸਿੰਘ ਫੌਜੀ ਮੌੜਾਂ ਆਦਿ ਨੂੰ ਹਲਕਾ ਦਿੜ੍ਹਬਾ ਵਿੱਚੋਂ ਜ਼ਿਲ੍ਹੇ ਲਈ ਡੈਲੀਗੇਟ ਚੁਣਿਆ ਗਿਆ ਹੈ। ਇਸ ਮੌਕੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬਲਦੇਵ ਸਿੰਘ ਮਾਨ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਰਣਧੀਰ ਸਿੰਘ ਸਮੂਰਾਂ, ਭਗਵਾਨ ਸਿੰਘ ਢੰਡੋਲੀ ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬ ’ਚ ਨਸ਼ੇ, ਭ੍ਰਿਸ਼ਟਾਚਾਰ ਤੇ ਅਪਰਾਧ ਵਧੇ: ਪਰਮਿੰਦਰ ਢੀਂਡਸਾ
ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ, ਭ੍ਰਿਸ਼ਟਾਚਾਰ ਅਤੇ ਅਪਰਾਧ ਘਟਨ ਦੀ ਥਾਂ ਵਧੇ ਹਨ। ਢੀਂਡਸਾ ਨੇ ਸਥਾਨਕ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਡੈਲੀਗੇਟਾਂ ਦੀ ਸਰਬ-ਸੰਮਤੀ ਨਾਲ ਹੋਈ ਚੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਅੱਜ ਨਸ਼ਾ, ਭ੍ਰਿਸ਼ਟਾਚਾਰ, ਅਪਰਾਧ ਘਟਣ ਦੀ ਥਾਂ ਲਗਾਤਾਰ ਵਧਦੇ ਜਾ ਰਹੇ ਹਨ। ‘ਆਪ’ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਘਟਾਉਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ। ਵਿਧਾਇਕ ਗਗਨ ਅਨਮੋਲ ਮਾਨ ਦੇ ਅਸਤੀਫੇ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਢੀਂਡਸਾ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਹੀ ਦਬਾਅ ’ਚ ਅਸਤੀਫ਼ਾ ਦਿਵਾਇਆ ਅਤੇ ਜਦੋਂ ਇਨ੍ਹਾਂ ਨੂੰ ਲੱਗਿਆ ਕਿ ਅਕਾਲੀ ਦਲ ਨੂੰ ਛੱਡ ਚੁੱਕੇ ਰਣਜੀਤ ਸਿੰਘ ਗਿੱਲ ਨਾਲ ਕਿਤੇ ਇਹ ਭਾਜਪਾ ਵਿੱਚ ਜਾ ਕੇ ਖਰੜ ਹਲਕੇ ਤੋਂ ਹੀ ਜ਼ਿਮਨੀ ਚੋਣ ਨਾ ਲੜ ਲਵੇ। ਇਸੇ ਡਰ ਕਾਰਨ ਇਨ੍ਹਾਂ ਨੇ ਅਸਤੀਫ਼ਾ ਵਾਪਸ ਲੈ ਲਿਆ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਬਾਰੇ ਕਿਹਾ ਕਿ ਲੋਕ ਮੌਕਾਪ੍ਰਸਤ ਗੱਲ ਨਹੀਂ ਪਸੰਦ ਕਰਦੇ, ਲੋਕ ਪੰਜਾਬ ਦੀ ਗੱਲ ਚਾਹੁੰਦੇ ਹਨ। ਪੰਜਾਬ ਦੇ ਜੋ ਮਸਲੇ ਹਨ ਉਨ੍ਹਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾਂ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਅਮਨਵੀਰ ਸਿੰਘ ਚੈਰੀ, ਜਸਵੰਤ ਸਿੰਘ ਖਹਿਰਾ, ਦਰਸ਼ਨ ਸਿੰਘ ਲੌਂਗੋਵਾਲ, ਅਮਰਜੀਤ ਸਿੰਘ, ਹਰਦੇਵ ਸਿੰਘ ਹੰਝਰਾ, ਗੋਪਾਲ ਸ਼ਰਮਾ, ਸੁਨੀਤਾ ਸ਼ਰਮਾ, ਕਾਲਾ ਐਮਸੀ, ਗੁਰਚਰਨ ਸਿੰਘ ਧਾਲੀਵਾਲ, ਡਾਕਟਰ ਰੂਪ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਗੁਰਜੰਟ ਸਿੰਘ ਦੁੱਗਾਂ ਵੀ ਮੌਜੂਦ ਸੀ।
ਮੂਨਕ (ਕਰਮਵੀਰ ਸਿੰਘ ਸੈਣੀ): ਸਾਬਕਾ ਵਿੱਤ ਮੰਤਰੀ ਤੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ 21 ਤੋਂ 30 ਜੁਲਾਈ ਤੱਕ ਮੀਟਿੰਗਾਂ ਕਰ ਕੇ ਜ਼ਿਲ੍ਹਾ ਅਤੇ ਸੂਬਾਈ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਬਾਅਦ 11 ਅਗਸਤ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਵੇਗੀ ਅਤੇ ਨਵਾਂ ਪ੍ਰਧਾਨ ਪੰਥਕ ਸਿਧਾਂਤਾਂ, ਰਵਾਇਤਾਂ ਅਤੇ ਪੰਜਾਬ ਨੂੰ ਸਮਰਪਿਤ ਹੋਵੇਗਾ। ਇਕਬਾਲ ਸਿੰਘ ਝੂੰਦਾ, ਗੋਬਿੰਦ ਸਿੰਘ ਲੋਂਗੋਵਾਲ ਨੇ ਦੱਸਿਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਹਲਕਾ ਮੂਨਕ ਵਿੱਚ ਡੈਲੀਗੇਟ ਇਜਲਾਸ ਹੋ ਰਹੇ ਹਨ।