ਯੁਵਕ ਮੇਲੇ ਦੀ ਓਵਰਆਲ ਟਰਾਫੀ ਅਕਾਲ ਡਿਗਰੀ ਕਾਲਜ ਨੂੰ ਮਿਲੀ
ਐੱਸ ਐੱਸ ਪੀ ਚਾਹਲ ਅਤੇ ਪੰਮੀ ਬਾਈ ਸਮੇਤ ਵੱਡੀ ਗਿਣਤੀ ਕਲਾਕਾਰਾਂ ਨੇ ਕੀਤੀ ਸ਼ਿਰਕਤ
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਡਾਇਰੈਕਟਰ ਡਾਕਟਰ ਭੀਮਇੰਦਰ ਸਿੰਘ ਦੀ ਅਗਵਾਈ ਹੇਠ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਾਨੌ-ਸ਼ੌਕਤ ਨਾਲ ਆਪਣੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਹੋਏ ਸਖ਼ਤ ਮੁਕਾਬਲਿਆਂ ਦੌਰਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਇਸ ਯੁਵਕ ਮੇਲੇ ਦੀ ਓਵਰਆਲ ਟਰਾਫ਼ੀ ਜਿੱਤ ਕੇ ਆਪਣੇ ਪਿਛਲੇ ਸਾਲ ਦੇ ਰਿਕਾਰਡ ਨੂੰ ਕਾਇਮ ਰੱਖਿਆ ਜਦੋਂਕਿ ਸਰਕਾਰੀ ਰਣਬੀਰ ਕਾਲਜ ਦੂਸਰੇ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੀਜੇ ਸਥਾਨ ’ਤੇ ਰਿਹਾ। ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਖੇਤਰੀ ਯੁਵਕ ਮੇਲੇ ਦੇ ਕਨਵੀਨਰ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਆਖ਼ਰੀ ਦਿਨ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਕਲਾਕਾਰ ਪੰਮੀ ਬਾਈ ਵੱਲੋਂ ਕੀਤਾ ਗਿਆ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਹਿਲ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਤੋਂ ਇਲਾਵਾ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾਕਟਰ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਡਾ. ਪਦਮਪ੍ਰੀਤ ਕੌਰ ਭਵਾਨੀਗੜ੍ਹ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਦੁੱਗਾਂ, ਡਾ. ਜਤਿੰਦਰ ਦੇਵ, ਡਾਕਟਰ ਗੁਰਵੀਰ ਸਿੰਘ ਸੋਹੀ, ਫਿਲਮੀ ਸਿਤਾਰੇ ਲੱਕੀ ਧਾਲੀਵਾਲ, ਗਿੱਲ ਹਰਦੀਪ, ਜੱਸੀ ਲੌਂਗੋਵਾਲੀਆ, ਡਾਕਟਰ ਮੇਜਰ ਸਿੰਘ ਚੱਠਾ, ਇੰਜ. ਸੁਖਵਿੰਦਰ ਸਿੰਘ ਭੱਠਲ, ਪ੍ਰੋ. ਨਿਰਪਜੀਤ ਸਿੰਘ, ਕਨਵੀਨਰ ਪ੍ਰੋ. ਮਨਪ੍ਰੀਤ ਸਿੰਘ ਗਿੱਲ, ਕਨਵੀਨਰ ਡਾ. ਹਰਜਿੰਦਰ ਸਿੰਘ, ਕਨਵੀਨਰ ਡਾ. ਭੁਪਿੰਦਰ ਕੌਰ ਚੰਗਾਲ, ਕਨਵੀਨਰ ਜੋਤੀ ਕੌਂਸਲ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਕੌਂਸਲ ਮੈਂਬਰ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਮੇਲੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ ਅਤੇ ਆਪਣੀ ਵਿਰਾਸਤ ਨਾਲ ਜੋੜਦੇ ਹਨ। ਮੰਚ ਸੰਚਾਲਨ ਸਤਨਾਮ ਸਿੰਘ ਪੰਜਾਬੀ ਨੇ ਕੀਤਾ। ਇਸ ਮੌਕੇ ਮਹਿਮਾਨਾਂ ਨੂੰ ਲੋਈਆਂ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

