ਮਨੀਪੁਰ ਘਟਨਾ ਵਿਰੁੱਧ ਮਹਿਲਾ ਕਾਂਗਰਸ ਨੇ ਸਾੜਿਆ ਕੇਂਦਰ ਦਾ ਪੁਤਲਾ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਜੁਲਾਈ
ਮਨੀਪੁਰ ਦੇ ਇਕ ਖੇਤਰ ਵਿੱਚ ਉਥੋਂ ਦੀਆਂ ਤਿੰਨ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਅਤੇ ਉਨ੍ਹਾਂ ਨਾਲ ਜਬਰਜਨਾਹ ਕਰਨ ਦੀ ਸ਼ਰਮਨਾਕ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਮਹਿਲਾ ਕਾਂਗਰਸ ਨੇ ਅੱਜ ਸਥਾਨਕ ਸ਼ਹਿਰ ਦੇ ਅਨਾਰਦਾਣਾ ਚੌਕ ’ਚ ਰੋਸ ਪ੍ਰਰਦਸ਼ਨ ਕੀਤਾ। ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਪ੍ਰਦਰਸਨ ਦੀ ਅਗਵਾਈ ਕਰਦਿਆਂ ਮਹਿਲਾ ਕਾਂਗਰਸ ਦੀ ਸੂਬਾਈ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦਾ ਕਹਿਣਾ ਸੀ ਕਿ ਇਹ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਦੇਸ਼ ਅੰਦਰ ਲਗਾਤਾਰ ਮਹਿਲਾ ਵਿਰੋਧੀ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ, ਦਿਹਾਤੀ ਪ੍ਰਧਾਨ ਅਮਰਜੀਤ ਕੌਰ ਭੱਠਲ ਮੌਜੂਦ ਸਨ। ਗੁੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਨਾ ਸਿਰਫ਼ ਮਣੀਪੁਰ, ਬਲਕਿ ਦੇਸ਼ ਭਰ ’ਚ ਨਿੱਤ ਦਿਨ ਕਿਤੇ ਨਾ ਕਿਤੇ ਮਹਿਲਾਵਾ ਨੂੰ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਪਰ ਕੇਂਦਰ ਤੇ ਸੂਬਾ ਸਰਕਾਰਾਂ ਹੱਥ ’ਤੇ ਹੱਥ ਧਰ ਕੇ ਬੈਠੀਆਂ ਹਨ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਮਨੀਪੁਰ ਵਿੱਚ ਔਰਤਾਂ ਨੂੰ ਨੰਗਾ ਕਰਕੇ ਘੁਮਾਉਣ ਦੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਮੁੱਚੇ ਦੇਸ਼ ਨੂੰ ਬੇਇਂੱਜ਼ਤ ਕਰਨ ਵਾਲੀ ਘਟਨਾ ਹੈ ਜਿਸ ਦੇ ਦੋਸ਼ੀਆਂ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। ਤਰਕਸ਼ੀਲ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ ,ਗੁਰਦੀਪ ਸਿੰਘ ਲਹਿਰਾ,ਚਰਨ ਕਮਲ ਸਿੰਘ , ਸੀਤਾ ਰਾਮ ਤੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਜੁਝਾਰ ਸਿੰਘ ਲੌਂਗੋਵਾਲ, ਵਿਸਵਕਾਂਤ, ਮਨਧੀਰ ਸਿੰਘ, ਕੁਲਦੀਪ ਸਿੰਘ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਅਜਿਹੀ ਹਰਕਤ ਦੇਸ਼ ਅਤੇ ਦੇਸ਼ ਦੇ ਵਾਸੀਆਂ ਨੂੰ ਬੇਇਜ਼ਤ ਕਰਨ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਪਰੀ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਦੇਸ਼ ਅਤੇ ਮਨੀਪੁਰ ਵਿੱਚ ਸੱਤਾ ’ਤੇ ਕਾਬਜ਼ ਹਾਕਮ ਚੁੱਪ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮਨੀਪੁਰ ਵਿਚ ਹਿੰਸਾ, ਅਰਾਜਕਤਾ ਤੇ ਫਿਰਕੂ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ ਅਤੇ ਨਾਗਰਿਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਕੀਤੀ ਜਾਵੇ।
ਸਮੂਹ ਜਮਹੂਰੀ ਲੋਕਾਂ ਨੂੰ ਇਕਜੁੱਟ ਆਵਾਜ਼ ਉਠਾਉਣ ਦਾ ਸੱਦਾ
ਲਹਿਰਾਗਾਗਾ (ਪੱਤਰ ਪ੍ਰੇਰਕ): ਲੋਕ ਚੇਤਨਾ ਮੰਚ, ਲਹਿਰਾਗਾਗਾ ਨੇ ਮਨੀਪੁਰ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ ਅਤੇ ਇਸ ਘਟਨਾ ਲਈ ਸਿੱਧੇ ’ਤੇ ਸਪਸ਼ਟ ਰੂਪ ਵਿੱਚ ਮੋਦੀ ਸਰਕਾਰ ਜ਼ਿੰਮੇਵਾਰ ਹੈ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਸਕੱਤਰ ਹਰਭਗਵਾਨ ਗੁਰਨੇ, ਪ੍ਰਿੰਸੀਪਲ ਰਘਬੀਰ ਭੁਟਾਲ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਨਾਮਦੇਵ ਭੁਟਾਲ ਨੇ ਕਿਹਾ ਕਿ ਇਸ ਵਹਿਸ਼ੀ ਘਟਨਾ ਨੂੂੰ ਗਿਣੇ ਮਿਥੇ ਢੰਗ ਨਾਲ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਡੇਢ ਸੌ ਦੇ ਕਰੀਬ ਮੌਤਾਂ ਦੀ ਕਤਲਗਾਹ ਬਣੇ, ਸੱਠ ਹਜ਼ਾਰ ਘਰਾਂ ਦੇ ਉਜਾੜੇ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੁੱਪ ਬੇਹੱਦ ਸ਼ਰਮਨਾਕ ਹੈ। ਅੱਜ ਲੋਕ ਸਭਾ ਵਿੱਚ ਪਏ ਸ਼ੋਰ ਸ਼ਰਾਬੇ ਵਿੱਚ ਮੋਦੀ ਵੱਲੋਂ ਵਹਾਏ ਮਗਰਮੱਛ ਦੇ ਹੰਝੂਆਂ ਨਾਲ ਉਨ੍ਹਾਂ ਔਰਤਾਂ ਨੂੂੰ ਕਦਾਚਿਤ ਵੀ ਰਾਹਤ ਨਹੀਂ ਮਿਲੇਗੀ। ਉਨ੍ਹਾਂ ਸਮੂਹ ਜਮਹੂਰੀ ਲੋਕਾਂ ਨੂੰ ਮਨੀਪੁਰ ਦੇ ਗੰਭੀਰ ਮਸਲੇ ’ਤੇ ਇਕਜੁੱਟ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।