ਚੋਣ ਜਿੱਤਣ ਮਗਰੋਂ ਮੀਤ ਹੇਅਰ ਨੇ ਮਸਤੂਆਣਾ ਸਾਹਿਬ ਮੱਥਾ ਟੇਕਿਆ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 4 ਜੂਨ
ਹਲਕਾ ਲੋਕ ਸਭਾ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਚੋਣ ਜਿੱਤਣ ਉਪਰੰਤ ਆਪਣੇ ਸਾਥੀਆਂ ਸਮੇਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਦੇਗਾਂ ਕਰਵਾਈਆਂ ਗਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ। ਇਸ ਮੌਕੇ ਜਿੱਥੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਗਮਦੂਰ ਸਿੰਘ ਖਹਿਰਾ ਅਤੇ ਪਰਮਜੀਤ ਸਿੰਘ ਚੰਗਾਲ ਕੌਂਸਲ ਮੈਂਬਰਾਂ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਲਕਾ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਮੀਤ ਹੇਅਰ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਾਬੂ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਮੋਹਿਤ ਕੁਮਾਰ ਬਰਨਾਲਾ, ਭੁਪਿੰਦਰ ਸਿੰਘ ਚਹਿਲ ਅਤੇ ਹੋਰ ਮੋਹਤਵਰ ਸ਼ਖ਼ਸੀਅਤਾਂ ਦਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ, ਮੀਤ ਗ੍ਰੰਥੀ ਭਾਈ ਗੁਰਮੇਲ ਸਿੰਘ, ਗ੍ਰੰਥੀ ਭਾਈ ਸਤਨਾਮ ਸਿੰਘ, ਕੌਂਸਲ ਮੈਂਬਰ ਗਮਦੂਰ ਸਿੰਘ, ਪਰਮਜੀਤ ਸਿੰਘ ਸਿੱਧੂ ਅਤੇ ਭਾਈ ਸਤਨਾਮ ਸਿੰਘ ਮਸਤੂਆਣਾ ਵੱਲੋਂ ਸਿਰੋਪਾਉ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਸੰਗਰੂਰ ਦੇ ਵੱਡੀ ਗਿਣਤੀ ਵਿੱਚ ਸਮਰਥਕ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਮੀਤ ਹੇਅਰ ਨੇ ਕਿਹਾ, ‘‘ਇਹ ਜਿੱਤ ਮੇਰੀ ਨਹੀਂ ਲੋਕਾਂ ਦੀ ਜਿੱਤ ਹੈ। ਜਿਹੜਾ ਕਿ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਤੇ ਭਰੋਸਾ ਪ੍ਰਗਟਾਉਂਦਿਆਂ ਭਾਰੀ ਬਹੁਮੱਤ ਦੇ ਕੇ ਸਮਰਥਨ ਕੀਤਾ ਹੈ।’’ ਉਹਨਾਂ ਕਿਹਾ ਕਿ ਚੋਣ ਲੜਨ ਤੋਂ ਪਹਿਲਾਂ ਵੀ ਉਹ ਇੱਥੇ ਸੰਤ ਜੀ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਗਏ ਸਨ ਅਤੇ ਅੱਜ ਚੋਣ ਜਿੱਤਣ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੇ ਆਇਆ ਹਾਂ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਸਮੇਤ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।