ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿੱਚ ਪੈਂਦੇ ਤਿੰਨ ਜ਼ੋਨਾਂ ਮੀਮਸਾ, ਘਨੌਰੀ ਕਲਾਂ ਅਤੇ ਬਾਲੀਆਂ ਤੋਂ ‘ਆਪ’ ਉਮੀਦਵਾਰਾਂ ਕ੍ਰਮਵਾਰ ਰਛਪਾਲ ਸਿੰਘ ਭੁੱਲਰ, ਜਸਮੀਤ ਕੌਰ ਚਹਿਲ ਅਤੇ ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ ਦੀ ਜਿੱਤ ਲਈ ਸੱਤਾਧਾਰੀ ਧਿਰ ਨੇ ਆਪਣੀ ਪੂਰੀ ਸਿਆਸੀ ਤਾਕਤ ਝੋਕ ਦਿੱਤੀ ਹੈ। ਉਂਜ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ਕਾਰਨ ਹਲਕੇ ਅੰਦਰ ਹਾਲੇ ਤੱਕ ਉਨ੍ਹਾਂ ਦੀ ਆਮਦ ਨਾ ਹੋਣ ਤੋਂ ਉਮੀਦਵਾਰਾਂ ਨੂੰ ਅੰਦਰੂਨੀ ਝੋਰਾ ਜ਼ਰੂਰ ਹੈ।
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜਾਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ ਸਮੇਤ ਹੋਰ ਆਗੂ ਵੱਲੋਂ ਉਮੀਦਵਾਰਾਂ ਦੀ ਚੋਣ ਮੁਹਿੰਮ ਖੁਦ ਵਿਉਂਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਸੁੱਖੀ ਤੇ ਰਾਜਵੀਰ ਸਿੰਘ ਵੀ ਹਲਕੇ ਅੰਦਰ ਗੇੜੇ ਮਾਰ ਚੁੱਕੇ ਹਨ ਪਰ ਲੋਕ ਆਪਣੇ ਹਲਕੇ ਦੀ ਬਤੌਰ ਵਿਧਾਇਕ ਨੁੰਮਾਇੰਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣ ਪ੍ਰਚਾਰ ਦੇ ਵਿਅੰਗਮਈ ਤੇ ਵਿਲੱਖਣ ਅੰਦਾਜ਼ ਦੀ ਝਲਕ ਵੇਖਣ ਤੋਂ ਹਾਲੇ ਵਾਂਝੇ ਹਨ। ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਸੰਖੇਪ ਹਾਜ਼ਰੀ ਲੁਆ ਕੇ ਗਏ ਹਨ ਪਰ ਪਹਿਲੀਆਂ ਚੋਣਾਂ ਦੇ ਮੁਕਾਬਲਤਨ ਇਸ ਵਾਰ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਘਾਟ ਵਿਖਾਈ ਦੇ ਰਹੀ ਹੈ।
ਜ਼ਿਲ੍ਹਾ ਪਰਿਸ਼ਦ ਦੇ ਇੱਕ ਜ਼ੋਨ ’ਚ 24 ਤੋਂ 72 ਪਿੰਡ
ਪਟਿਆਲਾ (ਸਰਬਜੀਤ ਸਿੰਘ ਭੰਗੂ): ਪਟਿਆਲਾ ਜ਼ਿਲ੍ਹੇ ਵਿੱਚ 23 ਜ਼ੋਨ, ਜਿੰਨਾਂ ਵਿੱਚ 988 ਪੰਚਾਇਤਾਂ ਹਨ। ਇਸ ਸਭ ਤੋਂ ਛੋਟਾ ਜ਼ੋਨ 24 ਅਤੇ ਸਭ ਤੋਂ ਵੱਡਾ ਜ਼ੋਨ 72 ਪਿੰਡਾਂ ਦਾ ਹੈ। ਸਭ ਤੋਂ ਛੋਟਾ ਜ਼ੋਨ ’ਚਲੈਲਾ’ ਹੈ, ਜੋ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਅਧੀਨ ਆਉਂਦਾ ਹੈ। ਉਂਜ ਪਟਿਆਲਾ ਦਿਹਾਤੀ ਹਲਕੇ ’ਚ ਜ਼ਿਲ੍ਹਾ ਪਰਿਸ਼ਦ ਦੇ ਕੁੱਲ ਦੋ ਜ਼ੋਨ ਹਨ ਤੇ ਦੂਜਾ ਜ਼ੋਨ ਮੰਡੌੜ ਹੈ, ਜਿਸ ’ਚ ਪਿੰਡਾਂ ਦੀ ਗਿਣਤੀ 37 ਹੈ। ਅਸਲ ’ਚ ਇਹ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਪਟਿਆਲਾ ਸਿਟੀ, ਸਮਾਣਾ ਅਤੇ ਨਾਭਾ ਹਲਕੇ ਦੀ ਭੰੜਤੋੜ ਕਰਕੇ 2012 ’ਚ ਨਵਾਂ ਬਣਾਇਆ ਗਿਆ ਸੀ, ਜਿਸ ’ਚ 60 ਪਿੰਡ ਹੀ ਹਨ ਜਿੰਨ੍ਹਾਂ ਨੂੰ ਹੀ ਉਕਤ ਦੋਵਾਂ ਜ਼ੋਨਾਂ ’ਚ ਵੰਡਿਆ ਗਿਆ ਹੈ। ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਵੱਡੇ ਜ਼ੋਨ ਵਿੱਚ ਦੂਧਨਸਾਧਾਂ ਅਤੇ ਮਸੀਂਗਨ ਹਨ। ਇਨ੍ਹਾਂ ਦੋਵਾਂ ਜ਼ੋਨਾਂ ਵਿੱਚ ਹੀ 72-72 ਪਿੰਡ ਹਨ, ਆਪਣੇ ਆਪ ’ਚ ਬਹੁਤ ਜ਼ਿਆਦਾ ਹਨ ਤੇ ਹੁਣ ਜਿਵੇਂ ਚੋਣ ਲੜਨ ਲਈ 7 ਤੋਂ 14 ਦਸੰਬਰ ਤੱਕ ਕੇਵਲ 8 ਦਿਨ ਹੀ ਮਿਲੇ ਹਨ ਤਾਂ ਉਮੀਦਵਾਰਾਂ ਲਈ ਵੀ ਇਨ੍ਹਾਂ ਸਾਰੇ ਪਿੰਡਾਂ ਤੱਕ ਠੋਸ ਰੂਪ ’ਚ ਪਹੁੰਚ ਬਣਾਉਣੀ ਮੁਸ਼ਕਲ ਹੈ। ਇਹ ਦੋਵੇਂ ਜ਼ੋਨ ਹੀ ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਆ ਜਾਂਦੇ ਹਨ। ਅਸਲ ’ਚ ਸਨੌਰ ਜਿੱਥੇ ਪੰਜਾਬ ਦੇ ਸਭ ਤੋਂ ਵੱਡੇ ਹਲਕਿਆਂ ’ਚ ਆ ਜਾਂਦਾ ਹੈ, ਉਥੇ ਹੀ ਇਹ ਨਿਰੋਲ ਪੇਂਡੂ ਹਲਕਾ ਵੀ ਹੈ, ਜਿਥੇ ਪਿੰਡਾਂ ਦੀ ਗਿਣਤੀ ਵੀ ਵਧੇਰੇ ਹੈ । ਇਸ ਹਲਕੇ ’ਚ ਸਨੌਰ ਅਤੇ ਭੁਨਰਹੇੜੀ ਦੋ ਪੰਚਾਇਤ ਸਮਿਤੀਆਂ ਹਨ ਤੇ ਦੋਵਾਂ ’ਚ 19-19 ਜ਼ੋਨ ਹਨ। ਇਸੇ ਤਰ੍ਹਾਂ ਸਨੌਰ ਹਲਕੇ ਚ ਜ਼ਿਲ੍ਹਾ ਪਰਿਸ਼ਦ ਦੇ ਜ਼ੋਨਾ ਦੀ ਗਿਣਤੀ ਵੀ ਪੰਜ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਦੇ ਦਫਤਰੀਵਾਲ਼ਾ ਜ਼ੋਨ ’ਚ 26, ਨਨਹੇੜਾ ’ਚ 30, ਸੇਹਰਾ ’ਚ 31, ਸ਼ੰਭੂ ਕਲਾਂ ’ਚ 32 ਅਤੇ ਡਕਾਲ਼ਾ ’ਚ 33 ਪਿੰਡ ਹਨ। ਜਦਕਿ ਬੰਮ੍ਹਣਾ ਜ਼ੋਨ 36, ਮੰਡੌੜ ਜ਼ੋਨ 37 ਮੈਣ ਜ਼ੋਨ 43 ਪਿੰਡਾਂ ’ਤੇ ਆਧਾਰਿਤ ਹੈ। ਉੜਦਣ, ਜੋ ਕਿ ਵਿਧਾਨ ਸਭਾ ਹਲਕਾ ਰਾਜਪੁਰਾ ਦਾ ਇਕਲੌਤਾ ਜ਼ਿਲ੍ਹਾ ਪਰਿਸ਼ਦ ਜ਼ੋਨ ਹੈ, ਵਿਚ 61 ਪਿੰਡ ਪੈਂਦੇ ਹਨ। ਅਸਲ ’ਚ ਰਾਜਪੁਰਾ ਹਲਕੇ ਦਾ ਬਹੁਤਾ ਹਿੱਸਾ ਸ਼ਹਿਰੀ ਖੇਤਰ ਹੈ ਤੇ ਪਿੰਡ 61 ਹੀ ਹਨ, ਜੋ ਇਸ ਜ਼ੋਨ ’ਚ ਆ ਗਏੇੇ। ਘਨੌਰ ਹਲਕੇ ਦੇ ਚਰਚਿਤ ਪਿੰਡ ਹਰਪਾਲਪੁਰ ਜ਼ੋਨ ਵਿਚ ਪਿੰਡਾਂ ਦੀ ਗਿਣਤੀ 40 ਹੈ। ਸਤੁਰਾਣਾ ਹਲਕੇ ਦੇ ਜ਼ੋਨ ਗੁਲਾਹੜ ’ਚ 40 ਜਦਕਿ ਅਰਨੇਟੂ ਅਤੇ ਧਨੇਠਾ ’ਚ 41-41 ਪਿੰਡ ਹਨ। ਨਾਭਾ ’ਚ ਪੈਂਦੇ ਮੱਲ੍ਹੇਵਾਲ਼ ਅਤੇ ਦੁਲੱਦੀ ਜ਼ੋਨ 44-44 ਪਿੰਡਾਂ ’ਤੇ ਆਧਾਰਿਤ ਹਨ। ਕਲਿਆਣ, ਬਹਾਦਰਗੜ੍ਹ ਅਤੇ ਲੋਹਸਿੰਬਲੀ ਜ਼ੋਨ 46-46 ਪਿੰਡਾਂ ਨੂੰ ਜੋੜ ਕੇ ਬਣਾਏ ਗਏ ਹਨ ਜੋ ਸਮਾਣਾ, ਸਨੌਰ ਤੇ ਘਨੌਰ ਦਾ ਹਿੱਸਾ ਹਨ। ਪਟਿਆਲਾ ਦੇ ਪੈਰਾਂ ’ਚ ਵਸੇ ਸਨੌਰ ਹਲਕੇ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਚੌਰਾ ਦੇ ਅਧੀਨ 50 ਪਿੰਡ ਆ ਜਾਂਦੇ ਹਨ ਉਂਜ ਸ਼ਹਿਰ ਦੇ ਨੇੜੇ ਹੋਣ ਕਰਕੇ ਚੌਰਾ ਸਮੇਤ ਇਸ ਹੇਠਲੇ ਕੁਝ ਹੋਰ ਪਿੰਡਾਂ ’ਚ ਤਾਂ ਕਲੋਨੀਆਂ ਬਣਨ ਕਰਕੇ ਸਹਿਰੀਕਰਨ ਵੀ ਹੋ ਚੁੱਕਾ ਹੈ। ਪਰ ਅਧਿਕਾਰਤ ਤੌਰ ’ਤੇ ਇਹ ਦਾ ਕਲੋਨੀਆਂ ਅਜੇ ਪੰਚਾਇਤਾਂ ਦਾ ਹੀ ਹਿੱਸਾ ਹਨ। ਮਰਹੂਮ ਗੁਚਰਨ ਸਿੰਘ ਟੌਹੜਾ ਕਰਕੇ ਬੇਹੱਦ ਚਰਚਿਤ ਪਿੰਡ ਟੌਹੜਾ ਦੇ ਨਾਮ ’ਤੇ ਬਣੇ ਜ਼ਿਲ੍ਹਾ ਪਰਿਸ਼ਦ ਜ਼ੋਨ ਟੌਹੜਾ ਵਿਚ 53 ਪਿੰਡ ਹਨ, ਜੋ ਨਾਭਾ ਹਲਕੇ ’ਚ ਆ ਜਾਂਦਾ ਹੈ।
ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ’ਚ ਪਾਬੰਦੀ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ- ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਸਟੈਂਡਰਡ ੳਪਰੇਟਿੰਗ ਪ੍ਰੋਸੀਜਰ ਤਹਿਤ ਚੋਣ ਪ੍ਰਕਿਆ ਨੂੰ ਸਾਂਤਮਈ ਤਰੀਕੇ ਨਾਲ ਨਿਰਵਿਘਨ ਕਰਵਾਉਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਚੋਣਾਂ ਵਾਲੇ ਦਿਨ 14 ਦਸੰਬਰ ਨੂੰ ਜ਼ਿਲ੍ਹਾ ਪਟਿਆਲਾ ਅੰਦਰ ਬਣੇ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਪਾਬੰਦੀ ਦੀਆਂ ਹਦਾਇਦਾਂ ਜਾਰੀ ਕੀਤੀਆਂ ਹਨ । ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ, ਉਹਨਾਂ ਕਿਹਾ ਹੈ ਕਿ ਪੋਲਿੰਗ ਬੂਥਾਂ ਜਾਂ ਜਨਤਕ/ਨਿਜੀ ਜਗ੍ਹਾ ’ਤੇ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵੱਲੋਂ ਪ੍ਰਚਾਰ ਨਹੀ ਕੀਤਾ ਜਾਵੇਗਾ। ਇਸ ਦੌਰਾਨ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਬਾਹਰਲੇ ਖੇਤਰਾਂ ਵਿਚੋਂ ਆਏ ਸਮਰਥਕਾਂ ਨੂੰ 12 ਦਸੰਬਰ ਸ਼ਾਮ ਤੱਕ ਚੋਣਾਂ ਵਾਲੇ ਪਿੰਡ ਛੱਡ ਜਾਣ ਦੀ ਹਦਾਇਤ ਕੀਤੀ ਗਈ ਹੈ।
ਚੋਣਾਂ ਲਈ ਤਿਆਰੀਆਂ ਮੁਕੰਮਲ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 162 ਜ਼ੋਨਾਂ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਖਚੈਨ ਸਿੰਘ ਪਾਪੜਾ ਵੀ ਮੌਜੂਦ ਸਨ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਲਈ 422 ਗ੍ਰਾਮ ਪੰਚਾਇਤਾਂ ਵਿੱਚ ਕੁੱਲ 790 ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਸੰਗਰੂਰ ਜ਼ਿਲ੍ਹੇ ਦੇ ਕੁੱਲ 709857 ਰਜਿਸਟਰਡ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਉਹਨਾਂ ਦੱਸਿਆ ਇਹਨਾਂ ਵਿੱਚ 375906 ਪੁਰਸ਼, 333946 ਇਸਤਰੀਆਂ ਅਤੇ ਪੰਜ ਹੋਰ ਵੋਟਰ ਹਨ। ਸ੍ਰੀ ਰਾਹੁਲ ਚਾਬਾ ਨੇ ਦੱਸਿਆ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪਾਈਆ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕੀਤੀ ਜਾਵੇਗੀ।

