ਇੱਥੋਂ ਨੇੜਲੇ ਪਿੰਡ ਕਮੇਲੀ ਵਿਚ ਬੀਤੀ ਰਾਤ ਚੋਣ ਪ੍ਰਚਾਰ ਦੌਰਾਨ ਆਪ ਆਗੂਆਂ ਅਤੇ ਪਿੰਡ ਵਾਸੀਆਂ ਵਿਚਾਲੇ ਕਥਿਤ ਝੜਪ ਮਗਰੋਂ ਪਿੰਡ ਵਾਸੀਆਂ ਨੇ ਪੁਲੀਸ ਨੂੰ ਅੱਜ ਸ਼ਿਕਾਇਤ ਦਿੱਤੀ ਕਿ ਵਿਧਾਇਕ ਵੱਲੋਂ ਉਨ੍ਹਾਂ ਦਾ ਫੋਨ ਖੋਹਿਆ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਸਮਿਤੀ ਬਾਬਰਪੁਰ ਜ਼ੋਨ ਅਧੀਨ ਪੈਂਦੇ ਪਿੰਡ ਕਮੇਲੀ ਵਿਚ ਨਾਭਾ ਵਿਧਾਇਕ ਸ਼ਾਮ 7.30 ਵਜੇ ਦੇ ਕਰੀਬ ਚੋਣ ਪ੍ਰਚਾਰ ਲਈ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਇਤਰਾਜ਼ ਉਠਾਇਆ ਕਿ ਪਿੰਡ ਵਿਚ ਕੱਚੇ ਘਰਾਂ ਵਾਲਿਆਂ ਨੂੰ ਤਾਂ ਕੋਈ ਗ੍ਰਾਂਟ ਨਹੀਂ ਮਿਲੀ ਤੇ ਨਾਲ ਲਗਦੇ ਪਿੰਡ ਵਿਚ ਪੱਕੇ ਮਕਾਨ ਵਾਲਿਆਂ ਨੂੰ ਵੀ ਗਰਾਂਟਾਂ ਦੇ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੇ ਪਿੰਡ ਇੱਕ ਦਲਿਤ ਪਰਿਵਾਰ ਦਾ ਘਰ ਬਰਸਾਤਾਂ ਵਿਚ ਡਿੱਗ ਵੀ ਗਿਆ ਸੀ। ਇਸ ਗੱਲ ਤੋਂ ਕਥਿਤ ਤਕਰਾਰ ਵੱਧ ਗਈ ਤੇ ਪਾਰਟੀ ਵਰਕਰਾਂ ਅਤੇ ਕੁਝ ਪਿੰਡ ਵਾਸੀਆਂ ਵਿਚਾਲੇ ਹੱਥੋਪਾਈ ਹੋ ਗਈ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਦੇ ਪੁੱਤਰ ਲਖਵਿੰਦਰ ਸਿੰਘ ਕਮੇਲੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਸਰਪੰਚ ਵਰਿੰਦਰ ਸਿੰਘ ਪੂਨੀਆ ਨੇ ਧੱਕਾ ਨਾ ਕਰਨ ਦੀ ਅਪੀਲ ਵੀ ਕੀਤੀ ਤਾਂ ਵਿਧਾਇਕ ਨੇ ਉਸ ਕੋਲੋਂ ਫੋਨ ਖੋਹ ਲਿਆ। ਉਸ ਦੇ ਨਾਲ ਹੀ ਵੀਡੀਓ ਬਣਾ ਰਹੇ ਇੱਕ ਹੋਰ ਪਿੰਡ ਵਾਸੀ ਦਾ ਵੀ ਫੋਨ ਖੋਹਿਆ ਗਿਆ।
ਇਸ ਮੌਕੇ ਨਾਭਾ ਸਦਰ ਪੁਲੀਸ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਚੋਣ ਪ੍ਰਚਾਰ ਦੌਰਾਨ ਵਿਧਾਇਕ ਭਾਸ਼ਣ ਕਰ ਰਹੇ ਸਨ ਤੇ ਕੁਝ ਲੋਕਾਂ ਵਿਚ ਆਪਸੀ ਤਕਰਾਰਬਾਜ਼ੀ ਹੋ ਗਈ ਤੇ ਦੋ ਜਣਿਆਂ ਦੇ ਮੋਬਾਈਲ ਡਿੱਗ ਪਏ। ਉਨ੍ਹਾਂ ਨੇ ਕਿਹਾ ਕਿ ਐੱਪਲ ਕੰਪਨੀ ਦੇ ਫੋਨ ਹਨ ਜਿਹੜੇ ਕਿ ਛੇਤੀ ਭਾਲੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬਾਕੀ ਮਾਮਲਾ ਪੜਤਾਲ ਅਧੀਨ ਹੈ।
ਦੂਜੇ ਪਾਸੇ ਅੱਜ ਸ਼ਾਮ ਅਗੇਤੀ ਪਿੰਡ ਵਿਖੇ ਵੀ ਵਿਧਾਇਕ ਅਤੇ ਪਿੰਡ ਵਾਸੀਆਂ ਵਿਚਾਲੇ ਵੀ ਕਥਿਤ ਤੂੰ ਤੂੰ ਮੈਂ ਮੈਂ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਸ਼ਮਸ਼ਾਨ ਘਾਟ ਕੋਲ ਬੈਠੇ ਸਨ ਤੇ ਵਿਧਾਇਕ ਚੋਣ ਪ੍ਰਚਾਰ ਲਈ ਪਹੁੰਚੇ ਸਨ। ਜਦੋਂ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਕੀਤੇ ਤਾਂ ਵਿਧਾਇਕ ਤਲਖ਼ ਹੋ ਗਏ ਤੇ ਲੋਕਾਂ ਨਾਲ ਬਹਿਸ ਮਗਰੋਂ ਕਰਦੇ ਹੋਏ ਉਥੋਂ ਚਲੇ ਗਏ।
ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਨਾ ਫੋਨ ਚੁੱਕਿਆ ਤੇ ਨਾ ਮੈਸੇਜ ਦਾ ਜਵਾਬ ਦਿੱਤਾ।

