ਅਰਮੀਨੀਆ ਦੀ ਫਲਾਈਟ ਚੜ੍ਹਨ ਗਿਆ ਨੌਜਵਾਨ ਅਹਿਮਦਾਬਾਦ ਏਅਰਪੋਰਟ ਤੋਂ ਮੋੜਿਆ
ਤਪਾ ਦੇ ਟਰੈਵਲ ਏਜੰਟ ਵੱਲੋਂ ਅਰਮੀਨੀਆ ਦਾ ਝਾਂਸਾ ਦੇ ਕੇ ਜਹਾਜ਼ ਚੜ੍ਹਨ ਲਈ ਭੇਜੇ ਨੇੜਲੇ ਪਿੰਡ ਫਰੀਦਪੁਰ ਕਲਾਂ ਦੇ ਨੌਜਵਾਨ ਨੂੰ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ਤੋਂ ਕਥਿਤ ਜਾਅਲੀ ਦਸਤਾਵੇਜ਼ਾਂ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਪਸ ਭੇਜ ਦਿੱਤਾ। ਠੱਗੀ ਦਾ ਸ਼ਿਕਾਰ ਹੋਏ ਅਬਦੁੱਲ ਸਿਤਾਰ ਪੁੱਤਰ ਅਲੀ ਨਵਾਜ਼ ਵਾਸੀ ਫਰੀਦਪੁਰ ਕਲਾਂ ਦੀ ਸ਼ਿਕਾਇਤ ’ਤੇ ਥਾਣਾ ਸੰਦੌੜ ਪੁਲੀਸ ਨੇ ਸੁਖਦੇਵ ਖਾਂ ਉਰਫ ਸੁੱਖਾ ਵਾਸੀ ਤਪਾ ਅਤੇ ਅਮਨਦੀਪ ਧਾਲੀਵਾਲ ਉਰਫ਼ ਅਮਨਪ੍ਰੀਤ ਕੌਰ ਵਾਸੀ ਉੱਗੋਕੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਬਦੁੱਲ ਸਿਤਾਰ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਕਹਿਣ ’ਤੇ ਉਸ ਦੇ ਬਾਰ੍ਹਵੀਂ ਪਾਸ ਪੁੱਤਰ ਅਬੁਦੱਲ ਹਮੀਦ ਨੇ ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਕਰਨ ਲਈ ਟਰੈਵਲ ਏਜੰਟ ਸੁਖਦੇਵ ਖਾਂ ਉਰਫ ਸੁੱਖਾ ਨਾਲ ਪਹਿਲਾਂ ਕੁਰੇਸ਼ੀਆ ਅਤੇ ਫਿਰ ਅਰਮੀਨੀਆ ਜਾਣ ਦਾ ਸੌਦਾ ਤੈਅ ਕੀਤਾ ਸੀ। ਉਸ ਨੇ ਵੱਖ ਵੱਖ ਮੌਕਿਆਂ ’ਤੇ 1.70 ਲੱਖ ਰੁਪਏ ਟਰੈਵਲ ਏਜੰਟ ਸੁਖਦੇਵ ਖਾਂ ਅਤੇ ਉਸ ਦੀ ਸਹਿਯੋਗੀ ਅਮਨਦੀਪ ਧਾਲੀਵਾਲ ਨੂੰ ਅਦਾ ਕਰ ਦਿੱਤੇ। ਅਬਦੁੱਲ ਸਿਤਾਰ ਮੁਤਾਬਿਕ ਸੁਖਦੇਵ ਖਾਂ ਨੇ ਪਹਿਲਾਂ ਅਬੁਦੱਲ ਹਮੀਦ ਨੂੰ ਕੁਰੇਸ਼ੀਆ ਭੇਜਣ ਲਈ ਸੌਦਾ ਕੀਤਾ ਸੀ ਪਰ ਚਾਰ ਪੰਜ ਮਹੀਨੇ ਬਾਅਦ ਕੁਰੇਸ਼ੀਆ ਦਾ ਕੇਸ ਰਫਿਊਜ਼ ਹੋ ਗਿਆ। ਏਜੰਟ ਨੇ ਫਿਰ ਅਰਮੀਨੀਆ ਦਾ ਵੀਜ਼ਾ ਲਗਾਉਣ ਦਾ ਝਾਂਸਾ ਦੇ ਦਿੱਤਾ। ਅਖੀਰ ਫਲਾਈਟ ਚੜ੍ਹਨ ਲਈ ਅਹਿਮਦਾਬਾਦ ਭੇਜ ਦਿੱਤਾ। ਪੰਜ ਦਿਨ ਅਹਿਮਦਾਬਾਦ ਰੁਕਣ ਪਿੱਛੋਂ ਜਦੋਂ ਏਜੰਟ ਦੇ ਕਹਿਣ ’ਤੇ ਅਬੁਦੱਲ ਹਵਾਈ ਅੱਡੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਕਾਗਜ਼ ਜਾਅਲੀ ਦੱਸਦਿਆਂ ਵਾਪਸ ਭੇਜ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਰਕਮ ਵਾਪਸ ਕਰਨ ਦੀ ਬਜਾਏ ਉਸ ਨੂੰ ਧਮਕੀਆਂ ਦੇ ਰਿਹਾ ਹੈ।