ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ, ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ ਆਸ਼ਰਮ ਦੇ ਪ੍ਰਧਾਨ ਰਵੀ ਚਾਵਲਾ ਸਣੇ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਸ਼ਹਿਰ ਦੇ ਪਟਿਆਲਾ ਗੇਟ ਦਾ ਨਾਂ ਭਗਵਾਨ ਵਾਲਮੀਕਿ ਦੇ ਨਾਮ ’ਤੇ ਰੱਖਣ ਅਤੇ ਜਨਤਾ ਪੈਟਰੋਲ ਪੰਪ ਦੇ ਸਾਹਮਣੇ ਮਹਿਲਾ ਰੋਡ ਚੌਕ ਦਾ ਨਾਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਨਾਮ ’ਤੇ ਰੱਖਣ ਲਈ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਮੰਗ ਪੱਤਰ ਦਿੱਤੇ ਗਏ।
ਦਰਸ਼ਨ ਸਿੰਘ ਕਾਂਗੜਾ ਅਤੇ ਰਵੀ ਚਾਵਲਾ ਨੇ ਕਿਹਾ ਕਿ ਪ੍ਰਾਚੀਨ ਸਮੇਂ ਨੂੰ ਤਾਜ਼ਾ ਰੱਖਣ ਲਈ ਯਾਦਗਾਰ ਬਣਾਉਂਦਿਆਂ ਪਿਛਲੀ ਸਰਕਾਰ ਸਮੇਂ ਸੰਗਰੂਰ ਸ਼ਹਿਰ ਦੇ ਚਾਰੇ ਪਾਸੇ ਸਵਾਗਤੀ ਗੇਟ (ਚਾਰ ਗੇਟ) ਪਟਿਆਲਾ ਗੇਟ, ਸੁਨਾਮੀ ਗੇਟ, ਧੂਰੀ ਗੇਟ ਅਤੇ ਨਾਭਾ ਗੇਟ ਬਣਾਉਣ ਲਈ ਫੰਡ ਜਾਰੀ ਕਰਕੇ ਕੰਮ ਸ਼ੁਰੂ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਤਿੰਨ ਗੇਟ ਬਣ ਕੇ ਤਿਆਰ ਹੋ ਚੁੱਕੇ ਹਨ। ਪਟਿਆਲਾ ਗੇਟ ਸਥਿਤ ਜਿਹੜਾ ਗੇਟ ਬਣਾਇਆ ਹੈ, ਉਹ ਬਿਲਕੁਲ ਹੀ ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ ਆਸ਼ਰਮ ਸੰਗਰੂਰ ਦੇ ਸਾਹਮਣੇ ਬਣਿਆ ਹੈ, ਇਸ ਲਈ ਪਟਿਆਲਾ ਗੇਟ ਦਾ ਨਾਮ ਭਗਵਾਨ ਵਾਲਮੀਕਿ ਦੇ ਨਾਮ ’ਤੇ ਅਤੇ ਜਨਤਾ ਪੈਟਰੋਲ ਪੰਪ ਦੇ ਸਾਹਮਣੇ ਮਹਿਲਾਂ ਰੋਡ ਚੌਕ ਦਾ ਨਾਮ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਤੇ ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ’ਤੇ ਰੱਖਿਆ ਜਾਵੇ।
ਇਸ ਮੌਕੇ ਸ਼ਸ਼ੀ ਚਾਵਰੀਆ ਪ੍ਰਧਾਨ ਵਾਲਮੀਕਿ ਸਭਾ ਡਾ ਅੰਬੇਡਕਰ ਨਗਰ, ਅਜੇ ਬੇਦੀ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ ਸੰਗਰੂਰ, ਪਦਮ ਕੁਮਾਰ ਪਿੰਟਾ, ਬਲਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਤੇ ਸਾਜਨ ਹਾਜ਼ਰ ਸਨ।

