DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਦੇ ਝੰਬੇ ਲੋਕਾਂ ਲਈ ਰੱਬ ਬਣ ਕੇ ਬਹੁੜੇ ਸਮਾਜ ਸੇਵੀ

ਹੜ੍ਹਾਂ ’ਚ ਆਪਣੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਕੇ ਸਮਾਜਸੇਵੀਆਂ ਨੇ ਫੜੀ ਜ਼ਰੂਰਤਮੰਦਾਂ ਦੀ ਬਾਂਹ
  • fb
  • twitter
  • whatsapp
  • whatsapp
featured-img featured-img
ਹਡ਼੍ਹ ਪ੍ਰਭਾਵਿਤ ਪਿੰਡ ’ਚ ਲੋੜਵੰਦਾਂ ਨੂੰ ਜ਼ਰੂਰੀ ਸਾਮਾਨ ਵੰਡਦੀਆਂ ਹੋਈਆਂ ਕੁੜੀਆਂ। ਫ਼ੋਟੋ: ਅਕੀਦਾ
Advertisement

ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ

ਪਟਿਆਲਾ, 16 ਜੁਲਾਈ

Advertisement

ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ, ਟਾਂਗਰੀ ਤੇ ਪਟਿਆਲਾ ਨਦੀ ਤੇ ਮਾਰਕੰਡਾ ਸਮੇਤ ਸਾਰੇ ਨਦੀਆਂ ਨਾਲ਼ਿਆਂ ਵਿਚ ਰਾਜਪੁਰਾ, ਸਨੌਰ ਤੇ ਘਨੌਰ ਖੇਤਰਾਂ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ। ਪਰ ਇਸ ਦੇ ਬਾਵਜੂਦ ਜਿਲ੍ਹੇ ਦੇ ਅਨੇਕਾਂ ਹੀ ਪਿੰਡਾਂ ਵਿਚ ਹਾਲਤ ਅਜੇ ਵੀ ਗੰਭੀਰ ਬਣੇ ਹੋਏ ਹਨ। ਜਿਸ ਦੇ ਚੱਲਦਿਆਂ ਵੱਖ ਵੱਖ ਸਮਾਜ ਸੇਵੀ ਤੇ ਹੋਰਨਾ ਧਿਰਾਂ ਵੱਲੋਂ ਭੇਦਭਾਵ ਤੋਂ ਉਪਰ ਉਠ ਕੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਸਦ ਅਤੇ ਪਸ਼ੂਆਂ ਲਈ ਹਰੇ ਚਾਰੇ ਦਾ ਬੜੀ ਹੀ ਸ਼ਿੱਦਤ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਲੋਕਾਂ ਵੱਲੋਂ ਵੱਖ ਵੱਖ ਥਾਵਾਂ ਤੋਂ ਹਰਾ ਚਾਰਾ ਖੁਦ ਵੱਢ ਖੁਦ ਵੱਢ ਕੇ ਟਰਾਲੀਆਂ ਰਾਹੀਂ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਲਈ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਸਮੇਤ ਹੋਰ ਸਮਾਜ ਸੇਵੀ ਕਈ ਦਿਨਾ ਤੋਂ ਲੰਗਰ ਦੀ ਸੇਵਾ ’ਚ ਜੁਟੇ ਹੋਏ ਹਨ। ਪਟਿਆਲਾ ਮੀਡੀਆ ਕਲੱੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਸਮੇਤ ਪਰਮੀਤ ਸਿੰਘ, ਕੁਲਵੀਰ ਧਾਲ਼ੀਵਾਲ ਤੇ ਕਮਲ ਦੂਆ ਸਮੇਤ ਹੋਰ ਕਲੱਬ ਅਹੁਦੇਦਾਰਾਂ ਨੇ ਵੀ ਪਾਣੀ ’ਚ ਫਸੇ ਲੋਕਾਂ ਨੂੰ ਰਸ਼ਦ ਅਤੇ ਪਾਣੀ ਆਦਿ ਮੁਹੱਈਆ ਕਰਵਾਇਆ। ਕਿਸਾਨ ਆਗੂ ਐਡਵਕੇਟ ਪ੍ਰਭਜੀਤਪਾਲ ਸਿੰਘ ਤੇ ਟੀਮ ਵੀ ਅਜਿਹੀ ਹੀ ਸੇਵਾ ’ਚ ਜੁਟੀ ਹੋਈ ਹੈ। ਪ੍ਰਿੰਸੀਪਲ ਸੁਖਦਰਸ਼ਨ ਸਿੰਘ ਗਾਜੀ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਦਦ ਨਾਲ ਪੀੜਤਾਂ ਦੀ ਸੇਵਾ ਕਰ ਰਹੇ ਹਨ। ਇਥੋਂ ਤੱਕ ਕਿ ਪਿੰਡਾਂ ਵਿਚਲੇ ਕਈ ਉਹ ਨੌਜਵਾਨ, ਜਿਨ੍ਹਾਂ ਦੇ ਆਪਣੇ ਘਰਾਂ ’ਚ ਹੜ੍ਹਾਂ ਦਾ ਪਾਣੀ ਭਰਿਆ ਰਿਹਾ ਅਤੇ ਹੋਇਆ ਹੈ, ਵੀ ਆਪਣੇ ਟਰੈਕਟਰਾਂ ਆਦਿ ਰਾਹੀਂ ਪਟਿਆਲਾ ਜਿਲ੍ਹੇ ਦੇ ਸ਼ਹਿਰੀ ਖੇਤਰਾਂ ‘ਚ ਫਸੇ ਲੋਕਾਂ ਦੀ ਮਦਦ ਕਰਦੇ ਰਹੇ ਹਨ। ਇਸੇ ਦੌਰਾਨ ਡੇਰਾ ਸਿਰਸਾ ਦੇ ਸੇਵਾਦਾਰਾਂ ਅੱਜ ਵੀ ਚਾਰ ਦਿਨਾ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਜਾ ਕੇ ਫਸੇ ਲੋਕਾਂ ਲਈ ਰਸਦ, ਪਾਣੀ ਅਤੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾ ਰਹੇ ਹਨ।

ਪਟਿਆਲਾ ਦੇ  ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਲੋੜੀਂਦੀਆਂ ਵਸਤਾਂ ਪਹੁੰਚਾਉਂਦੇ ਹੋਏ ਡੇਰਾ ਸਿਰਸਾ ਦੇ ਸ਼ਰਧਾਲੂ। -ਫੋਟੋ:ਭੰਗੂ
ਪਟਿਆਲਾ ਦੇ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਲੋੜੀਂਦੀਆਂ ਵਸਤਾਂ ਪਹੁੰਚਾਉਂਦੇ ਹੋਏ ਡੇਰਾ ਸਿਰਸਾ ਦੇ ਸ਼ਰਧਾਲੂ। -ਫੋਟੋ:ਭੰਗੂ

ਪਟਿਆਲਾ ਵਿਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਹੋਈ ਤਬਾਹੀ ਨੂੰ ਕੁਝ ਰਾਹਤ ਦੇਣ ਲਈ ਅੱਜ ਬਰਨਾਲੇ ਦੀਆਂ ਦੋ ਕੁੜੀਆਂ ਨੇ ਮਿਸਾਲ ਕਾਇਮ ਕੀਤੀ, ਜਿਸ ਨੇ ਇਹ ਮਹਿਸੂਸ ਕਰਵਾਇਆ ਕਿ ਅੱਜ ਦੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਇਹ ਕੁੜੀਆਂ ਕੜਕਦੀ ਹੁੰਮਸ ਭਰੀ ਗਰਮੀ ਵਿਚ ਬਰਨਾਲੇ ਤੋਂ ਟਰਾਲੀ ਵਿਚ ਜ਼ਰੂਰੀ ਲੋੜਾਂ ਦਾ ਸਾਮਾਨ ਭਰ ਕੇ ਲੈ ਕੇ ਆਈਆਂ ਤੇ ਉਨ੍ਹਾਂ ਪ‌ਟਿਆਲਾ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਵੰਡਿਆ। ਉਨ੍ਹਾਂ ਪਹਿਲਾਂ ਖ਼ਾਲਸਾ ਏਡ ਨੂੰ ਪੁੱਛ ਕੇ ਹੀ ਲੋੜਵੰਦ ਸਾਮਾਨ ਇੱਥੇ ਲਿਆਂਦਾ। ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕ ਅਮਨਾਜ਼ ਕੌਰ ਅਤੇ ਸੈਕਰਡ ਹਾਰਡ ਸਕੂਲ ਦੀ ਅਧਿਆਪਕ ਕੁੜੀ ਰਮਨਦੀਪ ਕੌਰ ਨੇ ਦੱਸਿਆ ਕਿ ਅਸੀਂ ਪਟਿਆਲਾ ਵਿਚ ਹੜ੍ਹਾਂ ਕਾਰਨ ਆਈ ਤਬਾਹੀ ਦੀਆਂ ਖ਼ਬਰਾਂ ਨੂੰ ਸੁਣ ਰਹੀਆਂ ਸਾਂ ਜਿਸ ਕਰਕੇ ਅਸੀਂ ਬਰਨਾਲਾ ਸ਼ਹਿਰ ਵਿਚ ਲੋਕਾਂ ਕੋਲ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਗੁਹਾਰ ਲਗਾਈ, ਬਰਨਾਲੇ ਦੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਮਦਦ ਕਰਨ ਲਈ ਆਪਣੇ ਹੱਥ ਖੋਲ੍ਹ ਦਿੱਤੇ।

ਸਰਕਾਰਾਂ ਦੀ ਝਾਕ ਛੱਡ ਆਪ ਮੁਹਾਰੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੌਜਵਾਨ

ਰਾਜ ਸਭਾ ਮੈਂਬਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਭੇਜੀ

ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਸਮੱਗਰੀ ਦੁੱਧਨਸਾਧਾਂ ਦੇ ਤਹਿਸੀਲਦਾਰ ਵੀਨਾ ਰਾਣੀ ਨੂੰ ਸੌਂਪੇ ਜਾਣ ਦੀ ਤਸਵੀਰ।  -ਫੋਟੋ:ਨੌਗਾਵਾਂ
ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਸਮੱਗਰੀ ਦੁੱਧਨਸਾਧਾਂ ਦੇ ਤਹਿਸੀਲਦਾਰ ਵੀਨਾ ਰਾਣੀ ਨੂੰ ਸੌਂਪੇ ਜਾਣ ਦੀ ਤਸਵੀਰ। -ਫੋਟੋ:ਨੌਗਾਵਾਂ

ਦੇਵੀਗੜ੍ਹ (ਪੱਤਰ ਪ੍ਰੇਰਕ): ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਜ਼ਿਲ੍ਹਾ ਪਟਿਆਲਾ ਦੇ ਦੁੱਧਨ ਸਾਧਾਂ ਖੇਤਰ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ। ਲਗਾਤਾਰ ਮੀਂਹ ਅਤੇ ਪਾਣੀ ਵਿਚ ਡੁੱਬਣ ਕਾਰਨ ਆਪਣੇ ਘਰਾਂ ਅਤੇ ਘਰਾਂ ਤੋਂ ਬਾਹਰ ਰਹਿ ਗਏ ਲੋਕਾਂ ਅਤੇ ਪਸ਼ੂਆਂ ਨੂੰ ਰਾਹਤ ਪ੍ਰਦਾਨ ਕਰਨ ਲਈ 500 ਤੋਂ ਵੱਧ ਤਰਪਾਲਾਂ ਵੰਡੀਆਂ ਗਈਆਂ। ਸੈਪਟਿਕ ਐਲਰਜੀ ਅਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਡਿਟੋਲ ਅਤੇ ਬੀਟਾਡੀਨ ਵਰਗੀਆਂ ਦਵਾਈਆਂ ਵੰਡੀਆਂ ਗਈਆਂ। ‘ਸਨ ਫਾਊਂਡੇਸ਼ਨ’ ਦੀ ਟੀਮ ਨੇ ਇਹ ਵਸਤਾਂ ਦੁੱਧਨ ਸਾਧਾਂ ਦੇ ਤਹਿਸੀਲਦਾਰ ਵੀਨਾ ਰਾਣੀ ਨੂੰ ਸੌਂਪੀਆਂ।

ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਲਾਏ ਖੂਨਦਾਨ ਕੈਂਪ

ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਅੱਜ ਅੱਜ ਸੰਗਰਾਂਦ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਬਿ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਜਿਥੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਪੁੱਜੀ ਹੋਈ ਸੀ, ਉਥੇ ਹੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਸ੍ਰੀ ਅੰਮ੍ਰਿਤਸਰ ਦੇ ਡਾਕਟਰਾਂ ਦੀ ਟੀਮ ਨੇ ਵੀ ਸਹਿਯੋਗ ਕੀਤਾ। ਇਸ ਮੌਕੇ ਖੂਨਦਾਨ ਕਰਨ ਮੌਕੇ 50 ਯੂਨਿਟ ਦੇ ਕਰੀਬ ਖੂਨ ਇਕੱਤਰ ਕੀਤਾ ਗਿਆ। ਮੈਨੇਜਰ ਕਰਨੈਲ ਸਿੰਘ ਵਿਰਕ ਦੀ ਦੇਖਰੇਖ ਹੇਠਾਂ ਲੱਗੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਹੜ੍ਹਾਂ ਆਉਣ ਕਾਰਨ ਪਾਣੀ ਦੀ ਤੇਜ਼ ਰਫਤਾਰ ਵਿਚ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਜਦਕਿ ਹੜ੍ਹਾਂ ਤੋਂ ਬਾਅਦ ਹੁਣ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਜਿਸ ਕਰਕੇ ਖੂਨ ਦੀ ਵਧੇਰੇ ਲੋੜ ਹੈ।

ਹੜ੍ਹ ਦਾ ਪਾਣੀ ਤੇਲ ਦੇ ਟੈਂਕਰਾਂ ਵਿੱਚ ਭਰਿਆ, ਲੱਖਾਂ ਦਾ ਨੁਕਸਾਨ

ਰਾਮਨਗਰ-ਧਰਮਹੇੜੀ ਹਰਿਆਣਾ ਹੱਦ ’ਤੇ ਪਾਣੀ ਵਿੱਚ ਡੁੱਬਿਆ ਹੋਇਆ ਪੈਟਰੋਲ ਪੰਪ।
ਰਾਮਨਗਰ-ਧਰਮਹੇੜੀ ਹਰਿਆਣਾ ਹੱਦ ’ਤੇ ਪਾਣੀ ਵਿੱਚ ਡੁੱਬਿਆ ਹੋਇਆ ਪੈਟਰੋਲ ਪੰਪ।

ਸਮਾਣਾ (ਪੱਤਰ ਪ੍ਰੇਰਕ): ਪੰਜਾਬ ਦੇ ਰਾਮਨਗਰ- ਧਰਮਹੇੜੀ ਹਰਿਆਣਾ ਹੱਦ ਤੇ ਬਿਲਕੁਲ ਨਜ਼ਦੀਕ ਇੱਕ ਪੈਟਰੋਲ ਪੰਪ ਕਰਮਿੰਦਰ ਐਚਪੀ ਦੇ ਮਾਲਕ ਅਭਿਸ਼ੇਕ ਬਾਂਸਲ ਨੇ ਭਰੇ ਮਨ ਨਾਲ ਦੱਸਿਆ ਕਿ ਜਿੱਥੇ ਇਸ ਇਲਾਕੇ ਵਿੱਚ ਹੜ੍ਹ ਦੇ ਪਾਣੀ ਨੇ ਪੂਰੀ ਤਬਾਹੀ ਲਿਆਂਦੀ ਹੈ, ਉਥੇ ਹੀ ਪੈਟਰੋਲ ਪੰਪ ਦੇ ਤੇਲ ਨਾਲ਼ ਭਰੇ ਟੈਂਕਰਾਂ ਵਿੱਚ ਪਾਣੀ ਭਰ ਜਾਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨਾਂ ਦੱਸਿਆ ਕਿ ਹੜ੍ਹ ਦਾ ਪਾਣੀ ਆਉਂਣ ਤੋਂ ਕੁਝ ਦਿਨ ਪਹਿਲਾਂ ਹੀ ਉਨਾਂ ਨੇ ਝੋਨੇ ਦੀ ਲਵਾਈ ਦਾ ਕੰਮ ਚੱਲਣ ਕਰਕੇ ਟੈਂਕਰਾਂ ਨੂੰ ਤੇਲ ਨਾਲ ਭਰ ਕੇ ਰੱਖਿਆ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਹਰਿਆਊ ਪਿੰਡ ਵਿੱਚੋਂ ਰਸਦ ਇਕੱਠੀ ਕੀਤੀ

ਲਹਿਰਾਗਾਗਾ (ਪੱਤਰ ਪ੍ਰੇਰਕ): ਸੰਤ ਬਾਬਾ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਰਿਆਊ ਦੀ ਮੈਨੇਜਮੈਂਟ ਦੇ ਐਮ. ਡੀ. ਸ੍ਰੀ ਵਾਸਦੇਵ, ਚੇਅਰਮੈਨ ਸ਼੍ਰੀਮਤੀ ਜਸਪਾਲ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਗੁਰਮੀਤ ਕੌਰ , ਸ੍ਰੀ ਸੁਖਦੇਵ ਸ਼ਰਮਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਹਰਿਆਊ ਪਿੰਡ ਵਿੱਚੋਂ ਰਸਦ ਇਕੱਠੀ ਕਰਨ ਦਾ ਉਪਰਾਲਾ ਕੀਤਾ ਗਿਆ। ਸਕੂਲ ਦਾ ਸਹਿਯੋਗ ਦੇਣ ਲਈ ਡੇਰਾ ਬਾਬਾ ਭਾਵਾ ਦਾਸ ਕਮੇਟੀ ਹਰਿਆਊ, ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ, ਡਾਕਟਰ ਬਾਦਲ ,ਬੀਰਾ ਸਿੰਘ ,ਗੁਰਮੇਲ ਸਿੰਘ, ਗੋਰਾ ਲਾਲ, ਸਰਦਾਰ ਗਿੰਦਰ ਸਿੰਘ ਜਵੰਧਾ ਅਤੇ ਸਮੂਹ ਨਗਰ ਨਿਵਾਸੀਆਂ ਨੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦਿੱਤਾ ਅਤੇ ਇਸੇ ਸਹਿਯੋਗ ਦੇ ਸਦਕਾ ਕਾਫ਼ੀ ਮਾਤਰਾ ਵਿੱਚ ਰਸਦ ਇਕੱਠੀ ਕੀਤੀ ਗਈ। ਜੋ ਕਿ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾਵੇਗੀ।

ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬੀਆਂ ਨੇ ਖੜ੍ਹੀ ਕੀਤੀ ਲੋਕ ਲਹਿਰ

ਸਮਾਣਾ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਅਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਉਥੇ ਪੰਜਾਬੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਨੇ ਇਕ ਲੋਕ ਲਹਿਰ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਮਾਜ ਸੇਵੀਆਂ ਦਾ ਯੋਗਦਾਨ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਸਮਾਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਉਹ ਖ਼ੁਦ ਪੀੜਤਾਂ ਦੀ ਮਦਦ ਕਰ ਰਹੇ ਹਨ ਅਤੇ ਦੇਖਿਆ ਜਾ ਰਿਹਾ ਹੈ ਕਿ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ ਦੇ ਸਮਾਜਸੇਵੀ ਬੁਨਿਆਦੀ ਰਾਹਤ ਸਮੱਗਰੀ ਲੈ ਕੇ ਪਹੁੰਚ ਰਹੇ ਹਨ।

Advertisement
×