ਅੱਠਵੀਂ ਦੇ ਨਤੀਜੇ ’ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਕਲਾਸ ਦੀ ਬੋਰਡ ਪ੍ਰੀਖਿਆ ਦੇ ਨਤੀਜੇ ’ਚੋ ਜ਼ਿਲ੍ਹਾ ਸੰਗਰੂਰ ਦੇ 26 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਅਹਿਮ ਸਥਾਨ ਪ੍ਰਾਪਤ ਕੀਤਾ ਹੈ। ਇਹ੍ਵਨ੍ਹਾਂ ’ਚੋ 8 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ ਜਦੋਂ ਕਿ 18 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਹਨ। ਜ਼ਿਲ੍ਹਾ ਸੰਗਰੂਰ ਦਾ ਨਤੀਜਾ 95.80 ਫੀਸਦੀ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਵਿੰਦਰ ਕੌਰ ਨੇ ਦੱਸਿਆ ਕਿ ਅੱਠਵੀਂ ਕਲਾਸ ਦੀ ਬੋਰਡ ਪ੍ਰੀਖਿਆ ਵਿਚ ਜ਼ਿਲ੍ਹਾ ਸੰਗਰੂਰ ਦੇ ਕੁੱਲ 11378 ਵਿਦਿਆਰਥੀ ਬੈਠੇ ਸਨ ਜਿਨ੍ਹਾਂ ਵਿੱਚੋਂ ਕੁੱਲ 10900 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ ਅਤੇ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 95.80 ਰਹੀ ਹੈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਇਹ ਨਤੀਜੇ ਸੰਭਵ ਹੋ ਸਕੇ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ ਨੇ ਕਿਹਾ ਕਿ ਮੈਰਿਟ ਸੂਚੀ ਵਿੱਚ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ 12 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਇਨ੍ਹਾਂ ਵਿੱਚ ਨੈਨਸੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ, ਜੈਸਮੀਨ ਸਰਕਾਰੀ ਹਾਈ ਸਕੂਲ ਨੈਣ ਕਲਾਂ, ਆਸ਼ੂਦੀਪ ਕੌਰ ਧੰਗੇੜਾ ਸਕੂਲ, ਅਮਰਜੋਤ ਕੌਰ ਰਾਜਪੁਰਾ ਟਾਊਨ, ਸ਼ਰਨਪ੍ਰੀਤ ਕੌਰ ਰਾਮਗੜ੍ਹ, ਪਰਮਿੰਦਰ ਕੌਰ ਖੇੜਾਗੱਜੂ, ਜਸਪ੍ਰੀਤ ਕੌਰ ਕੁਲਾਰਾਂ, ਨਿਬੜਿਆ ਧੀਮਾਨ ਨਮਾਦਾਂ, ਪ੍ਰਾਚੀ ਮਾਡਲ ਟਾਊਨ, ਸਾਕਸ਼ੀ ਸਮਾਣਾ, ਸਿਰਜਣ ਕੁਮਾਰੀ ਖੇੜੀ ਫੱਤਾਂ ਤੇ ਨੈਨਸੀ ਮੰਜਾਲ ਕਲਾਂ ਸਕੂਲ ਸ਼ਾਮਲ ਹਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੁਆਰਾ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹੇ ਦਾ ਮੋਹਰੀ ਸਕੂਲ ਰਿਹਾ। ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਮੇਹਰ ਪੁੱਤਰ ਸ਼ਸ਼ੀ ਮਿੱਤਲ ਨੇ 600 ਵਿੱਚੋਂ 598 ਨੰਬਰ ਲੈ ਕੇ ਪਟਿਆਲੇ ਜ਼ਿਲ੍ਹੇ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਪੂਰੇ ਪੰਜਾਬ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਅਇਸ ਮੌਕੇ ਸਕੂਲ ਡਾਇਰੈਕਟਰ ਸੰਤੋਖ ਸਿੰਘ, ਪ੍ਰਿੰਸੀਪਲ ਨਵਤੇਜ ਸਿੰਘ, ਸਟਾਫ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਇਸੇ ਤਰ੍ਹਾਂ ਲੱਕੀ ਮੀਰਾਂ ਸੀਨੀਅਰ ਸੈਕੰਡਰੀ ਸਕੂਲ, ਭੁਨਰਹੇੜੀ ਦਾ ਅੱਠਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਡਾਇਰੈਕਟਰ ਕਮਲਜੀਤ ਨਾਗਪਾਲ ਨੇ ਦੱਸਿਆ ਕਿ ਗੁਰਮਨਦੀਪ ਨੇ 95.1 ਅੰਕ ਨਾਲ ਪਹਿਲਾ, ਗੁਰਕਿਰਤ ਅਤੇ ਗੁਰਸ਼ਾਨ ਨੇ 94.3 ਨਾਲ ਦੂਜਾ ਅਤੇ ਸਾਹਿਲ ਸਿੰਘ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਡਾਇਰੈਕਟਰ ਕਮਲਜੀਤ ਨਾਗਪਾਲ, ਪ੍ਰਿੰਸੀਪਲ ਰੀਟਾ ਨਾਗਪਾਲ ਨੇ ਕਿਹਾ ਕਿ ਪਹਿਲੇ ਪੰਜ ਸਥਾਨ ’ਤੇ ਮੁੰਡਿਆਂ ਨੇ ਮੱਲਾਂ ਮਾਰੀਆਂ ਹਨ।
ਟਿਸ਼ਾ ਸੂਬੇ ’ਚੋਂ ਪੰਜਵੇਂ ਸਥਾਨ ’ਤੇ
ਧੂਰੀ (ਪਵਨ ਕੁਮਾਰ ਵਰਮਾ): ਗੋਲਡਨ ਬੈਲਜ ਪਬਲਿਕ ਹਾਈ ਸਕੂਲ ਧੂਰੀ ਦੀ ਵਿਦਿਆਰਥਣ ਟਿਸ਼ਾ ਨੇ ਅੱਠਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਵਿੱਚੋਂ 99.33 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਪੰਜਾਬ ਵਿੱਚ ਪੰਜਵਾਂ ਸਥਾਨ, ਜ਼ਿਲ੍ਹਾ ਸੰਗਰੂਰ ਵਿੱਚ ਤੀਜਾ ਸਥਾਨ ਅਤੇ ਧੂਰੀ ਸ਼ਬ ਡਵੀਜ਼ਨ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਬੱਚੀ ਨੂੰ ਵਧਾਈ ਦਿੰਦਿਆਂ ਉਸ ਦੀ ਅਗਲੇਰੀ ਪੜ੍ਹਾਈ ਲਈ ਸਾਰਾ ਇੰਤਜ਼ਾਮ ਖ਼ੁਦ ਕਰਨ ਦਾ ਵਾਅਦਾ ਕੀਤਾ ਹੈ। ਸਕੂਲ ਕੋਆਰਡੀਨੇਟਰ ਬਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾਇਰੈਕਟਰ ਜ਼ੋਰਾ ਸਿੰਘ ਸਿੱਧੂ ਨੇ ਬੱਚੀ ਦਾ ਸਨਮਾਨ ਕੀਤਾ।
ਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ ਗੁਰਜੀਤ ਕੌਰ
ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਪਲੀ ਚੱਠਾ ਦੀ ਵਿਦਿਆਰਣ ਗੁਰਜੀਤ ਕੌਰ ਨੇ 600 ਵਿਚੋਂ 588 ਅੰਕ ਕਰਕੇ ਸੂਬੇ ਵਿੱਚੋਂ 13ਵਾਂ ਸਥਾਨ ਕਰਕੇ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਵਿਦਿਆਰਣ ਗੁਰਜੀਤ ਕੌਰ ਅਤੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ, ਸਰਪੰਚ ਜੰਗੀਰ ਸਿੰਘ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਅਤੇ ਪਿੰਡ ਦੀ ਪੰਚਾਇਤ ਨੇ ਵਧਾਈਆਂ ਦਿੱਤੀਆਂ ਅਤੇ ਵਿਸ਼ੇਸ਼ ਤੌਰ ’ਤੇ ਹਾਰ ਪਾ ਕੇ ਸਨਮਾਨਿਆ। ਗੁਰਜੀਤ ਕੌਰ ਨੇ ਦੱਸਿਆ ਕਿ ਉਹ ਆਈਏਐੱਸ ਕਰਕੇ ਡੀਸੀ ਬਣਨਾ ਚਾਹੁੰਦੀ ਹੈ। ਇਸ ਮੌਕੇ ਰਜਨੀ ਬਜਾਜ, ਰਮਨਦੀਪ ਕੌਰ, ਗੁਰਕਮਲ ਕੌਰ, ਤਜਿੰਦਰ ਬਾਂਸਲ, ਰੁਪਿੰਦਰ ਕੌਰ, ਗੰਗਾ ਦੇਵੀ ਅਤੇ ਹੋਰ ਪੰਚਾਇਤ ਦੇ ਨੁਮਾਇੰਦੇ ਮੌਜੂਦ ਸਨ।
ਭਾਰਤੀ ਪਬਲਿਕ ਸਕੂਲ ਸ਼ੇਖੂਪੁਰ ਦਾ ਨਤੀਜਾ ਸ਼ਾਨਦਾਰ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚੋਂ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੇ ਬੱਚੇ ਪਹਿਲੀ ਪੁਜੀਸ਼ਨ ਵਿੱਚ ਪਾਸ ਹੋਏ ਹਨ। ਨਵਨੀਤ ਭਾਰਤੀ ਤੇ ਮਨਿੰਦਰ ਗਿਰ ਨੇ ਪਹਿਲਾ ਸਥਾਨ, ਕੋਮਲ ਦੇਵੀ ਨੇ ਦੂਜਾ ਸਥਾਨ ਅਤੇ ਪਾਇਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਭਾਰਤੀ ਤੇ ਵਾਇਸ ਪ੍ਰਿੰਸੀਪਲ ਸੰਜਨਾ ਭਾਰਤੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਤੇ ਬੱਚਿਆਂ ਨੂੰ ਉੱਚੇ ਅਹੁਦਿਆਂ ’ਤੇ ਪਹੁੰਚਣ ਲਈ ਪ੍ਰੇਰਿਆ।
ਗੁਰੂ ਰਾਮਦਾਸ ਸਕੂਲ ਦੇ 10 ਵਿਦਿਆਰਥੀ ਮੈਰਿਟ ’ਚ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੇ 10 ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਜਿਨ੍ਹਾਂ ਵਿੱਚੋਂ ਚਾਰ ਬੱਚੇ ਪੰਜਾਬ ਦੇ ਮੁੱਢਲੇ ਰੈਂਕਾਂ ਚੌਥੇ, ਪੰਜਵੇਂ ਅਤੇ ਛੇਵੇਂ ਰੈਂਕ ’ਤੇ ਕਾਬਜ਼ ਹੋਏ ਹਨ। ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ, ਜਨਰਲ ਸਕੱਤਰ ਜਸਵੰਤ ਸਿੰਘ, ਉਪ ਚੇਅਰਮੈਨ ਤੇਜਿੰਦਰ ਸਿੰਘ ਅਤੇ ਡਾਇਰੈਕਟਰ ਬੀਰਇੰਦਰ ਸਿੰਘ ਨੇ ਦੱਸਿਆ ਕਿ ਪੀਐਸਈਬੀ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਸਕੂਲ ਦੀ ਅੱਠਵਂ ਦੀ ਵਿਦਿਆਰਥਣ ਰਿਧਿਮਾ ਨੇ 600 ਅੰਕਾਂ ਵਿੱਚੋਂ 597 ਅੰਕ ਪ੍ਰਾਪਤ ਕਰਕੇ ਚੌਥਾ, ਹੁਸ਼ਨਪ੍ਰੀਤ ਕੌਰ ਨੇ 596 ਨਾਲ ਪੰਜਵਾਂ, ਅਵੀਨੂਰ ਕੌਰ ਨੇ 596 ਨਾਲ ਪੰਜਵਾਂ, ਜਦੋਂ ਕਿ ਖੁਸ਼ਦੀਪ ਕੌਰ ਨੇ 595 ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਹਰਸ਼ਪ੍ਰੀਤ ਸਿੰਘ 594 ਅੰਕ, ਦਮਨਪ੍ਰੀਤ ਕੌਰ 593 ਅੰਕ, ਸਿਮਰਨ ਕੌਰ 593 ਅੰਕ, ਨੂਰ ਸ਼ਰਮਾ 591 ਅੰਕ, ਮਹਿਕਦੀਪ ਕੌਰ 589 ਅੰਕ, ਪ੍ਰਭਜੋਤ ਕੌਰ ਨੇ 588 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੁੱਢਲੀ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।
ਮਾਡਰਨ ਨਾਭਾ ਸਕੂਲ ਦੀਆਂ ਲੜਕੀਆਂ ਨੇ ਮੱਲਾਂ ਮਾਰੀਆਂ
ਨਾਭਾ (ਮੋਹਿਤ ਸਿੰਗਲਾ): ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਨੇ ਨਾਭਾ ਵਿੱਚ ਬਾਜ਼ੀ ਮਾਰੀ। ਦਿਲਿਸ਼ਾ ਚੋਪੜਾ ਅਤੇ ਹਰਸ਼ਦੀਪ ਕੌਰ ਨੇ 98.33 ਫ਼ੀਸਦ ਅੰਕ ਲੈ ਕੇ ਨਾਭਾ ਤਹਿਸੀਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ’ਤੇ ਵੀ ਇਸੇ ਸਕੂਲ ਦੀ ਵਿਦਿਆਰਥਣ ਲਕਸ਼ਿਤਾ ਵਰਮਾ ਰਹੀ, ਜਿਸ ਨੇ 98.17 ਫ਼ੀਸਦ ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਨਿਰਦੇਸ਼ਕ ਸੁਚੇਤ ਸਿੰਘ ਬੇਦੀ ਨੇ ਮੈਰਿਟ ਲਿਸਟ ਵਿੱਚ ਆਏ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਅਧਿਆਪਕਾਂ ਦੀ ਵੀ ਪਿੱਠ ਥਾਪੜੀ।