ਨਗਰ ਕੀਰਤਨ ਦਾ ਸੰਗਰੂਰ ਪੁੱਜਣ ’ਤੇ ਭਰਵਾਂ ਸਵਾਗਤ
ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਬਡਬਰ ਰਾਹੀਂ ਸੰਗਰੂਰ ਜ਼ਿਲ੍ਹੇ ਵਿੱਚ ਪੁੱਜਿਆ, ਜਿਥੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਣੇ ਅਕਾਲ ਕਾਲਜ...
ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਬਡਬਰ ਰਾਹੀਂ ਸੰਗਰੂਰ ਜ਼ਿਲ੍ਹੇ ਵਿੱਚ ਪੁੱਜਿਆ, ਜਿਥੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਣੇ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਾਲਕੀ ਸਾਹਿਬ ਨੂੰ ਨਤਮਸਤਕ ਹੁੰਦਿਆਂ ਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਸਾਡੇ ਲਈ ਇਤਿਹਾਸਕ ਪਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਨਿਮਾਣੇ ਸ਼ਰਧਾਲੂ ਵਜੋਂ ਪੂਰੀ ਅਕੀਦਤ, ਸ਼ਰਧਾ ਭਾਵਨਾ ਤੇ ਗੁਰਮਤਿ ਮਰਿਆਦਾ ਨਾਲ ਮਨਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ 20 ਨਵੰਬਰ ਰਾਤ ਦਾ ਠਹਿਰਾਅ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਕਰੇਗਾ ਤੇ 21 ਨਵੰਬਰ ਨੂੰ ਸਵੇਰੇ 8 ਵਜੇ ਚੱਲ ਕੇ ਪੁਲੀਸ ਲਾਈਨ ਸੰਗਰੂਰ, ਬਰਨਾਲਾ ਕੈਂਚੀਆਂ, ਪੂਨੀਆ ਟਾਵਰ, ਨਾਨਕਿਆਣਾ ਚੌਕ, ਯਾਦਵਿੰਦਰਾ ਡਰੀਮਜ਼ ਹੋਟਲ ਚੌਕ ਤੋਂ ਹੁੰਦੇ ਹੋਏ ਵੇਰਕਾ ਮਿਲਕ ਪਲਾਂਟ, ਭਵਾਨੀਗੜ੍ਹ ਕੈਂਚੀਆਂ ਸੰਗਰੂਰ ਤੋਂ ਯੂ ਟਰਨ ਲੈਂਦਿਆ ਬਲਵਾੜ ਕਲਾਂ, ਘਰਾਚੋਂ, ਭਵਾਨੀਗੜ੍ਹ ਤੋਂ ਹੁੰਦਿਆਂ ਹੋਇਆ ਚੰਨੋ ਵਿੱਚ ਜ਼ਿਲ੍ਹਾ ਪਟਿਆਲਾ, ਐੱਸ ਏ ਐੱਸ ਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਨਗਰ ਕੀਰਤਨ ਨਾਲ ਰਵਾਨਾ ਹੋਣ ਵਾਲੀ ਸੰਗਤ ਦੀ ਸਹੂਲਤ ਲਈ ਕਾਫ਼ਲੇ ਵਿੱਚ ਐਂਬੂਲੈਂਸ, ਡਿਜੀਟਲ ਮਿਊਜ਼ੀਅਮ, ਲੰਗਰ ਦੀ ਵਿਵਸਥਾ ਤੇ ਹੋਰ ਲੋੜੀਂਦਾ ਸਾਮਾਨ ਮੌਜੂਦ ਹੈ।

