ਦਹਾਕੇ ਤੋਂ ਪਰਾਲੀ ਸਾੜੇ ਬਗੈਰ ਬਿਜਾਈ ਕਰ ਰਿਹੈ ਦਦਹੇੜਾ ਦਾ ਕਿਸਾਨ
ਪਰਾਲੀ ਨਾ ਸਾੜਨ ਵਾਲੇ ਕਿਸਾਨ ਵਾਤਾਵਰਨ ਬਚਾਉਣ ਲਈ ਬਣੇ ਰਾਹ ਦਸੇਰਾ: ਡੀ ਸੀ
ਇੱਥੋਂ ਨੇੜਲੇ ਪਿੰਡ ਦਦਹੇੜਾ ਵਿੱਚ ਪਰਾਲੀ ਨੂੰ ਪਿਛਲੇ 10 ਸਾਲਾਂ ਤੋਂ ਅੱਗ ਨਾ ਲਗਾਉਣ ਵਾਲਾ ਅਗਾਂਹਵਧੂ ਕਿਸਾਨ ਮਨਦੀਪ ਸਿੰਘ ਨੇ ਅੱਜ ਆਪਣੀ ਚਾਰ ਏਕੜ ਜ਼ਮੀਨ ਵਿੱਚ ਸੁਪਰਸੀਡਰ ਤੇ ਮਲਚਿੰਗ ਜ਼ਰੀਏ ਕਣਕ ਦੀ ਬਿਜਾਈ ਕੀਤੀ। ਇਸ ਮੌਕੇ ਮਨਦੀਪ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਸਾੜੇ ਬਿਨਾਂ ਕਣਕ ਦੀ ਬਿਜਾਈ ਸੁਪਰਸੀਡਰ ਨਾਲ ਕਰਨ ਦੇ ਫ਼ਾਇਦੇ ਦੱਸੇ।
ਇਸ ਮੌਕੇ ਮੌਜੂਦ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅਜਿਹੇ ਕਿਸਾਨ, ਜੋ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਹ ਵਾਤਾਵਰਨ ਤੇ ਜ਼ਮੀਨ ਨੂੰ ਬਚਾਉਣ ਲਈ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਹੇ ਹਨ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹੋਰ ਕਿਸਾਨ ਵੀ ਵਾਤਾਵਰਨ ਬਚਾਉਣ ਅਤੇ ਪਰਾਲੀ ਨੂੰ ਬਿਨਾਂ ਅੱਗ ਲਾਏ ਸੰਭਾਲਣ ਲਈ ਅੱਗੇ ਆਉਣ ਅਤੇ ਅਜਿਹੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਂਦੀ ਮਸ਼ੀਨਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਹੈਪੀ ਸੀਡਰ ਤੇ ਸੁਪਰ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫ਼ੋਨ ਨੰਬਰ 0175-2350550 ਸਮੇਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।

