ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸਰੀਰਦਾਨੀ ਨਾਮਦੇਵ ਭੁਟਾਲ ਦੀ ਦੂਜੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਭੁਟਾਲ ਕਲਾਂ ਵਿੱਚ ਮਨਾਈ ਗਈ, ਜਿਸ ਵਿੱਚ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਨਾਮਦੇਵ ਭੁਟਾਲ ਨੇ ਆਪਣੀ ਜ਼ਿੰਦਗੀ ਮਿਹਨਤਕਸ਼ ਲੋਕਾਂ ਦੇ ਹੱਕੀ ਘੋਲਾਂ ਅਤੇ ਜਮਹੂਰੀ ਹੱਕਾਂ ਦੀ ਰਾਖੀ ਦੇ ਲੇਖੇ ਲਾਈ ਅਤੇ ਸਦਾ ਮੋਹਰੀ ਰੋਲ ਨਿਭਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਲੋਕਾਂ ਦੇ ਜਮਹੂਰੀ ਹੱਕ ਗੰਭੀਰ ਖ਼ਤਰੇ ਦੀ ਮਾਰ ਹੇਠ ਹਨ। ਕੇਂਦਰ ਦੀ ਮੋਦੀ ਸਰਕਾਰ ਅੰਨ੍ਹੇ ਕਾਰਪੋਰੇਟ ਵਿਕਾਸ ਅਤੇ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਸਿਰਫ਼ ਜਲ, ਜੰਗਲ ਤੇ ਜ਼ਮੀਨ ਲੇਖੇ ਲਾ ਰਹੀ ਹੈ। ਉਨ੍ਹਾਂ ਆਖਿਆ ਕਿ ਆਦਿਵਾਸੀਆਂ ਤੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਬੀ ਕੇ ਯੂ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਪਟਿਆਲਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਜਲੂਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਖੋਹੇ ਜਾ ਰਹੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਸੰਘਰਸ਼ ਵਿੱਚ ਡਟ ਕੇ ਲੋਕਾਂ ਦਾ ਸਾਥ ਦੇਣਾ। ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਵੇਚਣ, ਰੋਡਵੇਜ਼ ਤੇ ਬਿਜਲੀ ਵਿਭਾਗ ਦਾ ਭੋਗ ਪਾਉਣ ਦੀ ਨੀਤੀ ਅਤੇ ਨਿੱਤ ਰੋਜ਼ ਬੇਰੁਜ਼ਗਾਰਾਂ ਤੇ ਮੁਲਾਜ਼ਮਾਂ ਤੇ ਪੁਲਸ ਜਬਰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਨਕ ਸਿੰਘ ਭੁਟਾਲ, ਲੋਕ ਗਾਇਕ ਅਜਮੇਰ ਅਕਲੀਆ, ਜਗਦੀਸ਼ ਪਾਪੜਾ, ਤਾਰਾ ਸਿੰਘ ਛਾਜਲੀ ਤੇ ਗੁਰਪਿਆਰ ਸਿੰਘ ਨੇ ਇਨਕਲਾਬੀ ਗਾਏ।

