ਨੀਲੋਵਾਲ ਤੋਂ ਛਾਜਲੀ ਜਾਂਦੇ ਰਜਬਾਹੇ ’ਚ 15 ਫੁੱਟ ਪਾੜ ਪਿਆ
ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 1 ਜੁਲਾਈ
ਇੱਥੋਂ ਨੇੜਲੇ ਪਿੰਡ ਨੀਲੋਵਾਲ ਤੋਂ ਛਾਜਲੀ ਲਈ ਜਾਂਦੇ ਰਜਬਾਹੇ ਦੇ ਟੁੱਟਣ ਕਾਰਨ ਕਿਸਾਨਾਂ ਅਤੇ ਸਿੰਜਾਈ ਵਿਭਾਗ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਬੀਤੇ ਦਿਨੀਂ ਰਜਬਾਹੇ ਵਿੱਚ 15 ਫੁੱਟ ਦਾ ਪਾੜ ਪੈ ਗਿਆ। ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਕੋਈ ਸਰਕਾਰੀ ਅਧਿਕਾਰੀ ਮੌਕੇ ’ਤੇ ਸਾਰ ਲੈਣ ਲਈ ਨਹੀਂ ਪਹੁੰਚਿਆ। ਇੱਕ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਕੈਨਾਲ ਸਿਸਟਮ ਨੂੰ ਠੀਕ ਕਰਨ ਤੇ ਲਾਉਣ ਦੇ ਫੋਕੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਵਾਰ-ਵਾਰ ਨਹਿਰਾਂ ਅਤੇ ਰਜਬਾਹੇ ਟੁੱਟਣ ਦਾ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਰਜਬਾਹੇ ਸੰਨ 1986 ਵਿੱਚ ਬਣੇ ਸਨ ਜੋ ਥਾਂ-ਥਾਂ ਤੋਂ ਟੁੱਟ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰਾਂ ਅਤੇ ਰਜਬਾਹਿਆਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦਾ ਝੋਨੇ ਦਾ ਸੀਜਨ ਪੂਰ ਚੜ੍ਹ ਸਕੇ।
ਜ਼ਿਕਰਯੋਗ ਹੈ ਬੀਤੇ ਦਿਨੀਂ ਖਡਿਆਲ ਨਹਿਰ ਟੁੱਟਣ ਸਮੇਂ ਵੀ ਪ੍ਰਸ਼ਾਸਨ ਵੱਲੋਂ ਨਹਿਰੀ ਜ਼ਮੀਨ ਨੂੰ ਕਿਸਾਨਾਂ ਵੱਲੋਂ ਆਪਣੇ ਖੇਤਾਂ ’ਚ ਮਿਲਾਉਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਇੱਥੇ ਵੀ ਰਜਬਾਹਾ ਟੁੱਟਣ ਸਮੇਂ ਅਧਿਕਾਰੀਆਂ ਵੱਲੋਂ ਅਜਿਹਾ ਹੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਸਥਿਤੀ ਕੰਟਰੋਲ ਵਿੱਚ ਹੈ: ਸਿੰਜਾਈ ਵਿਭਾਗ
ਸਿੰਜਾਈ ਵਿਭਾਗ ਦੇ ਮੁਲਾਜ਼ਮ ਹਰਪਾਲ ਸਿੰਘ ਨੇ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ। ਜਲਦੀ ਹੀ ਇਸ ਪਾੜ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੂਏ ਦੇ ਟੁੱਟਣ ਨਾਲ ਕਿਸੇ ਵੀ ਕਿਸਾਨ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਜ਼ਿਆਦਾ ਗਰਮੀ ਹੋਣ ਕਾਰਨ ਫ਼ਸਲਾਂ ਸੋਕੇ ਦੀ ਮਾਰ ਝੱਲ ਰਹੀਆਂ ਸਨ ਅਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਪਾਣੀ ਦੀ ਲੋੜ ਸੀ।
ਕਾਨਗੜ੍ਹ ਟੇਲ ਨੂੰ ਜਾਂਦਾ ਮਾਈਨਰ ਟੁੱਟਿਆ
ਸਮਾਣਾ (ਸੁਭਾਸ਼ ਚੰਦਰ): ਪਿੰਡ ਕੁਤਬਨਪੁਰ ਤੋਂ ਕਾਨਗੜ੍ਹ ਟੇਲ ਤੱਕ ਖੇਤਾਂ ਨੂੰ ਪਾਣੀ ਦੀ ਸਿੰਜਾਈ ਲਈ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਬਣਾਇਆ ਮਾਈਨਰ ਟੁੱਟ ਜਾਣ ਕਰਕੇ ਮਾਈਨਰ ’ਚ ਚੱਲ ਰਿਹਾ ਪਾਣੀ ਖੇਤਾਂ ’ਚ ਫੈਲ ਗਿਆ। ਨੇੜਲੇ ਖੇਤਾਂ ਦੇ ਕਿਸਾਨਾਂ ਨੇ ਫ਼ਸਲ ਖਰਾਬ ਹੋਣ ਦੀ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਜ਼ੀਰੀ ਦੀ ਫਸਲ ਕੁਝ ਦਿਨ ਪਹਿਲਾਂ ਹੀ ਲਾਈ ਗਈ ਹੈ ਤੇ ਜੇਕਰ ਪਾਣੀ ਨਾਲ ਫ਼ਸਲ ਜ਼ਿਆਦਾ ਦਿਨ ਡੁੱਬੀ ਰਹੀ ਤਾਂ ਦੁਬਾਰਾ ਲਾਉਣੀ ਪੈ ਸਕਦੀ ਹੈ। ਕਿਸਾਨ ਅੰਮ੍ਰਿਤ ਪਾਲ ਸਿੰਘ ਤੇ ਸੰਦੀਪ ਸਿੰਘ ਨੇ ਨਹਿਰੀ ਪਾਣੀ ਖੇਤਾਂ ਨੂੰ ਸਿੰਜਾਈ ਲਈ ਪਹੁੰਚਾਉਣ ’ਤੇ ਸਰਕਾਰ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਇਹ ਵੀ ਕਿਹਾ ਕਿ 19 ਕਿਊਸਿਕ ਦੀ ਸਮਰੱਥਾ ਵਾਲੇ ਮਾਈਨਰ ’ਚ ਚੱਲਦਾ ਪਾਣੀ ਸਾਲ ਵਿੱਚ ਕਈ ਵਾਰ ਟੁੱਟ ਕੇ ਖੇਤਾਂ ’ਚ ਫੈਲ ਗਿਆ ਹੈ ਜਿਸਦੀ ਜਾਂਚ ਕਰਵਾਈ ਜਾਵੇ। ਨਹਿਰੀ ਵਿਭਾਗ ਦੇ ਐੱਸ.ਡੀ.ਓ. ਸਵਰਨ ਸਿੰਘ ਨੇ ਦੱਸਿਆ ਕਿ ਮਾਈਨਰ ’ਚ ਪਾਣੀ ਪੂਰਾ ਭਰ ਕੇ ਚੱਲ ਰਿਹਾ ਸੀ। ਕਿਸਾਨਾਂ ਨੇ ਮੀਂਹ ਕਾਰਨ ਪਾਣੀ ਦੇ ਮੋਘੇ ਬੰਦ ਕੀਤੇ ਹੋਏ ਸਨ ਜਿਸ ਕਰਕੇ ਓਵਰਫਲੋਅ ਹੋ ਕੇ ਮਾਈਨਰ ਦਾ ਪਾਣੀ ਟੁੱਟ ਗਿਆ ਜਿਸ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ।