ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ 5178 ਅਧਿਆਪਕਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ 5178 ਅਧਿਆਪਕਾਂ ਦੇ ਬਕਾਏ ਖਾਤਿਆਂ ਵਿੱਚ ਨਾ ਪਾਉਣ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਧਰਨੇ ਨੂੰ ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਮਨ ਵਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਦਲਜੀਤ ਸਫੀਪੁਰ ਅਤੇ ਮਹਿਲਾ ਆਗੂ ਸੋਨੀ ਕੌਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੀ ਢਿੱਲੀ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ 5178 ਅਧਿਆਪਕਾਂ ਦੇ ਲੰਮੇ ਸਮੇਂ ਤੋਂ ਲਟਕਦੇ ਏਰੀਅਰ ਬਿਲਾਂ ਦੇ ਕਲੀਅਰ ਨਾ ਹੋਣ ਕਰਕੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਸੰਗਰੂਰ ਨੂੰ ਮਿਲਿਆ ਗਿਆ ਸੀ ਪਰ ਸਮਾਂ ਲੰਘਣ ਦੇ ਬਾਵਜੂਦ ਜਦੋਂ ਅਧਿਆਪਕਾਂ ਦੇ ਬਕਾਏ ਖਾਤੇ ਵਿੱਚ ਨਾ ਪਏ ਤਾਂ ਡੀਟੀਐੱਫ ਸੰਗਰੂਰ ਅਤੇ 5178 ਅਧਿਆਪਕਾਂ ਵੱਲੋਂ ਸਾਂਝੇ ਰੂਪ ਵਿੱਚ ਜ਼ਿਲ੍ਹਾ ਖਜ਼ਾਨਾ ਅਫ਼ਸਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕਰਕੇ ਪੀੜਤ ਅਧਿਆਪਕਾਂ ਨੇ ਆਪਣਾ ਰੋਸ ਜਤਾਇਆ।ਆਗੂਆਂ ਨੇ ਕਿਹਾ ਕਿ 5178 ਅਧਿਆਪਕਾਂ ਨੂੰ ਏਰੀਅਰ ਬਿਲਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਕੇ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਇੱਕ ਰੋਸ ਪੱਤਰ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ 5178 ਅਧਿਆਪਕਾਂ ਦੇ ਬਕਾਏ ਤੁਰੰਤ ਉਨ੍ਹਾਂ ਦੇ ਖਾਤਿਆਂ ਵਿਚ ਪਾਏ ਜਾਣ। ਇਸ ਮੌਕੇ ਜਥੇਬੰਦੀ ਦੇ ਜਲ੍ਹਿਾ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ 5178 ਅਧਿਆਪਕਾਂ ਦੇ ਬਕਾਏ ਤੁਰੰਤ ਖਾਤਿਆਂ ਵਿੱਚ ਨਹੀਂ ਪਾਏ ਜਾਂਦੇ ਤਾਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਅਤੇ ਸੂਬਾ ਪੱਧਰ ’ਤੇ ਵੀ ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਏਕਮ ਸਿੰਘ, ਮਨਜੀਤ ਲਹਿਰਾ, ਕਰਮਜੀਤ ਕੌਰ, ਸ਼ਿਵਾਲੀ ਗਿਰ ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜ਼ਰ ਸਨ।