ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੀਲੋਵਾਲ ਨਹਿਰ ’ਚ 50 ਫੁੱਟ ਪਾੜ ਪਿਆ, ਸੈਂਕੜੇ ਏਕੜ ਫ਼ਸਲ ਡੁੱਬੀ

ਕਿਸਾਨਾਂ ਵੱਲੋਂ ਪਾੜ ਦੇ ਖ਼ਦਸ਼ੇ ਬਾਰੇ ਵਿਭਾਗ ਨੂੰ ਅਗਾਊਂ ਕੀਤਾ ਗਿਆ ਸੀ ਸੂਚਿਤ; ਵਿਭਾਗ ’ਤੇ ਲਾਪਰਵਾਹੀ ਵਰਤਣ ਦਾ ਦੋਸ਼
Advertisement

ਬੀਰਇੰਦਰ ਸਿੰਘ ਬਨਭੌਰੀ

ਸੁਨਾਮ ਊਧਮ ਸਿੰਘ ਵਾਲਾ, 19 ਜੂਨ

Advertisement

ਇੱਥੋਂ ਨੇੜਲੇ ਪਿੰਡ ਖਡਿਆਲ ਕੋਲੋਂ ਲੰਘਦੀ ਨੀਲੋਵਾਲ ਨਹਿਰ ਵਿੱਚ ਅੱਜ ਸਵੇਰੇ ਵੱਡਾ ਪਾੜ ਪੈ ਗਿਆ ਹੈ। ਕਰੀਬ 50 ਫੁੱਟ ਲੰਮੇ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ ਅਤੇ ਦੂਰ-ਦੂਰ ਤੱਕ ਖੇਤਾਂ ਵਿਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸੈਂਕੜੇ ਏਕੜ ਰਕਬੇ ਵਿੱਚ ਝੋਨੇ, ਮੱਕੀ, ਝੋਨੇ ਦੀ ਪਨੀਰੀ, ਹਰਾ-ਚਾਰਾ, ਸਬਜ਼ੀਆਂ ਆਦਿ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਣ ਖ਼ਦਸ਼ਾ ਹੈ।

ਜਾਣਕਾਰੀ ਅਨੁਸਾਰ ਪਿੰਡ ਖਡਿਆਲ ਨਜ਼ਦੀਕ ਅੱਜ ਸਵੇਰੇ ਕਰੀਬ ਚਾਰ-ਪੰਜ ਵਜੇ ਨਹਿਰ ਵਿੱਚ ਵੱਡਾ ਪਾੜ ਪੈ ਗਿਆ ਜੋ ਵਧਦਾ-ਵਧਦਾ ਕਰੀਬ ਪੰਜਾਹ ਫੁੱਟ ਚੌੜਾ ਹੋ ਗਿਆ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਦੂਰ-ਦੂਰ ਤੱਕ ਖੇਤ ਜਲ-ਥਲ ਹੋ ਗਏ ਅਤੇ ਕਿਤੇ ਵੀ ਕੋਈ ਫਸਲ ਨਜ਼ਰ ਨਹੀਂ ਆ ਰਹੀ। ਇਸ ਮੌਕੇ ਕਿਸਾਨ ਜਗਦੀਪ ਸਿੰਘ, ਸਤਿਗੁਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਪਿੰਡ ਵਾਸੀਆਂ ਨੂੰ ਨਹਿਰ ਟੁੱਟਣ ਦਾ ਖਦਸ਼ਾ ਨਜ਼ਰ ਆ ਰਿਹਾ ਸੀ ਜਿਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਵੱਲੋਂ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸਦਾ ਖਮਿਆਜ਼ਾ ਅੱਜ ਕਿਸਾਨਾਂ ਨੂੰ ਭੁਗਤਣਾ ਪਿਆ ਹੈ। ਨਹਿਰ ’ਚ ਪਏ ਪਾੜ ਕਾਰਨ ਵੱਡੇ ਰਕਬੇ ਵਿੱਚ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਲਗਾਉਣ ਕਾਰਨ ਕਾਫ਼ੀ ਖਰਚ ਹੋ ਜਾਂਦਾ ਹੈ ਜੋ ਕਿ ਸਭ ਵਿਅਰਥ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਖਡਿਆਲ ਨੇ ਨਹਿਰ ’ਚ ਪਏ ਪਾੜ ਲਈ ਪੰਜਾਬ ਸਰਕਾਰ ਅਤੇ ਵਿਭਾਗ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਿਸਾਨਾਂ ਵਲੋਂ ਜਤਾਏ ਖ਼ਦਸ਼ੇ ਦੇ ਮੱਦੇਨਜ਼ਰ ਧਿਆਨ ਦਿੱਤਾ ਹੁੰਦਾ ਤਾਂ ਕਿਸਾਨਾਂ ਦਾ ਨੁਕਸਾਨ ਨਾ ਹੁੰਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਪਾੜ ਪੂਰਨ ਦਾ ਕੰਮ ਜਾਰੀ: ਐੱਸਡੀਓ

ਨਹਿਰੀ ਵਿਭਾਗ ਦੇ ਐੱਸ.ਡੀ.ਓ. ਆਰੀਅਨ ਅਨੇਜਾ ਦਾ ਕਹਿਣਾ ਹੈ ਕਿ ਭਾਵੇਂ ਕੁੱਝ ਕਿਸਾਨਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਨਹਿਰ ਕਿਨਾਰੇ ਲੱਗੇ ਦਰੱਖਤਾਂ ਦੇ ਤਣੇ ਆਦਿ ਫੈਲਣ ਜ਼ਰੀਏ ਪਾਣੀ ਸਿੰਮਣ ਕਾਰਨ ਨਹਿਰ ’ਚ ਪਾੜ ਪਿਆ ਹੈ। ਉਹ ਮੌਕੇ ’ਤੇ ਪੁੱਜ ਗਏ ਹਨ ਅਤੇ ਵਿਭਾਗੀ ਅਮਲੇ ਵੱਲੋਂ ਨਹਿਰ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਜਾਰੀ ਹੈ।

Advertisement