ਬਾਦਸ਼ਾਹਪੁਰ ਤੇ ਸਲੇਮਪੁਰ ਦੇ 375 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ
ਸ਼ੇਰਪੁਰ, 31 ਮਈ
ਹੰਢਿਆਇਆ ਮਾਈਨਰ ’ਤੇ ਨਵਾਂ ਮੋਘਾ ਲਾਉਣ ਕਾਰਨ ਪਿੰਡ ਬਾਦਸ਼ਾਹਪੁਰ ਦੇ ਲਗਪਗ 311 ਏਕੜ ਅਤੇ ਪਿੰਡ ਸਲੇਮਪੁਰ ਦੇ 64 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਲਘੂ ਉਦਯੋਗ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਸਾਨਾਂ ਦੀ ਮੰਗ ’ਤੇ ਮੋਘਾ ਉਸਾਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਨਵਾਂ ਮੋਘਾ ਹੰਢਿਆਇਆ ਮਾਈਨਰ ’ਤੇ ਲਾਇਆ ਗਿਆ ਹੈ ਜਿਸ ਨਾਲ ਪਿੰਡ ਬਾਦਸ਼ਾਹਪੁਰ ਨੂੰ ਕਈ ਸਾਲਾਂ ਤੋਂ ਨਹਿਰੀ ਪਾਣੀ ਨਹੀਂ ਮਿਲਿਆ ਸੀ ਹੁਣ ਇਸ ਰਕਬੇ ਨੂੰ ਨਹਿਰੀ ਪਾਣੀ ਮਿਲਣ ਲੱਗੇਗਾ। ਇਨ੍ਹਾਂ ਖੇਤਰਾਂ ਨੂੰ ਨਹਿਰੀ ਪਾਣੀ ਲੱਗਣ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਅਤੇ ਨਹਿਰੀ ਪਾਣੀ ਲੱਗਣ ਨਾਲ ਫ਼ਸਲ ਵੀ ਵਧੀਆ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਰਕਬੇ ਨੂੰ ਟਿਊਬਵੈੱਲ ਨਾਲ ਪਾਣੀ ਮਿਲਦਾ ਸੀ ਪਰ ਪਾਣੀ ਡੂੰਘੇ ਹੋਣ ਕਾਰਨ ਹੁਣ ਇਹ ਟਿਊਬਵੈੱਲ ਲਗਭਗ ਨਕਾਰਾ ਹੋ ਚੁੱਕੇ ਹਨ। ਫ਼ਸਲ ਨੂੰ ਪਾਣੀ ਦੇਣ ਲਈ ਕਿਸਾਨਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਜਗਤਾਰ ਸਿੰਘ ਸਲੇਮਪੁਰ, ਸਰਪੰਚ ਭੀਮ ਸਿੰਘ, ਸਰਪੰਚ ਜਸਵੰਤ ਸਿੰਘ, ਮੋਹਤਵਰ ਅਮਨਦੀਪ ਸਿੰਘ ਘਨੌਰ ਤੇ ਮਨਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।