ਬਲਾਕ ਸੰਮਤੀ ਲਹਿਰਾਗਾਗਾ ਦੇ 15 ਜ਼ੋਨਾਂ ਲਈ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕੀਤੇ ਜਾ ਚੁੱਕੇ ਹਨ ਪਰ ਜ਼ੋਨ ਰਾਏਧਰਾਣਾ ਤੋਂ ਆਮ ਆਦਮੀ ਪਾਰਟੀ ਦੇ ਸੁਖਦਰਸ਼ਨ ਸਿੰਘ ਦੇ ਮੁਕਾਬਲੇ ਕਿਸੇ ਹੋਰ ਉਮੀਦਵਾਰ ਵਲੋਂ ਕਾਗਜ਼ ਦਾਖਲ ਨਾ ਕੀਤੇ ਜਾਣ ’ਤੇ ਉਹ ਬਿਨ੍ਹਾਂ ਮੁਕਾਬਲੇ ਹੀ ਜੇਤੂ ਹੋ ਗਏ ਹਨ।
ਇਸੇ ਤਰ੍ਹਾਂ ਜ਼ੋਨ ਚੂੜਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸਮਾ ਕੁਮਾਰੀ ਦੇ ਮੁਕਾਬਲੇ ਵੀ ਸਿਰਫ਼ ਬੇਅੰਤ ਕੌਰ ਨੇ ਹੀ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਸਨ ਜਿਸ ਕਾਰਨ ਸ਼ੁਸਮਾ ਕੁਮਾਰੀ ਜੇਤੂ ਹੋ ਗਏ ਹਨ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫ਼ਤਰ ਪਹੁੰਚੇ ਦੋਨੇਂ ਉਮੀਦਵਾਰਾਂ ਦਾ ਬਿਨ੍ਹਾਂ ਮੁਕਾਬਲੇ ਜੇਤੂ ਹੋ ਜਾਣ ’ਤੇ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਖੁਸ਼ੀ ਦੇ ਜਸ਼ਨ ਮਨਾਏ ਗਏ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੋਵੇਂ ਜੇਤੂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਦਾਅਵਾ ਕੀਤਾ ਹੈ ਕਿ 14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁੰਝਾ ਫੇਰ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦੇ ਮੁਕਾਬਲੇ ਜ਼ੋਨਾਂ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਤੱਕ ਨਹੀਂ ਮਿਲੇ, ਲੋਕਾਂ ਦਾ ਆਮ ਆਦਮੀ ਪਾਰਟੀ ਵਿਚ ਵਿਸ਼ਵਾਸ ਹੋਰ ਵਧ ਗਿਆ ਹੈ।

