DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਫ਼ਰ ਕਾਲ: ਵਿਧਾਨ ਸਭਾ ’ਚ ਸੜਕਾਂ ਤੇ ਕਾਲਜਾਂ ਦੇ ਮੁੱਦੇ ਗੂੰਜੇ

ਪ੍ਰਸ਼ਨ ਕਾਲ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਾਧੂ ਸੌਰ ਊਰਜਾ ਪੈਦਾ ਕਰਕੇ ਕਿਸਾਨਾਂ ਨੂੰ ਲਾਭ ਦੇਣ ਬਾਰੇ ਦਿੱਤੀ ਜਾਣਕਾਰੀ
  • fb
  • twitter
  • whatsapp
  • whatsapp
featured-img featured-img
ਕੈਬਨਿਟ ਮੰਤਰੀ ਅਮਨ ਅਰੋੜਾ,ਪੰਜਾਬ ਵਿਧਾਨ ਸਭਾ ’ਚ ਵੱਖ ਵੱਖ ਮੁੱਦੇ ਰੱਖਦੇ ਹੋਏ।
Advertisement

ਚਰਨਜੀਤ ਭੁੱਲਰ/ ਆਤਿਸ਼ ਗੁਪਤਾ

ਚੰਡੀਗੜ੍ਹ, 25 ਮਾਰਚ

Advertisement

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਿਫ਼ਰ ਕਾਲ ਦੌਰਾਨ ਪੰਜਾਬ ਦੀਆਂ ਖਸਤਾ ਹਾਲ ਸੜਕਾਂ ਤੇ ਕਾਲਜਾਂ ਦੀ ਗੂੰਜ ਪਈ। ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਕਾਸ ਪ੍ਰਾਜੈਕਟਾਂ ਲਈ ਭੌਂ ਪ੍ਰਾਪਤੀ ਹੋਣ ਮਗਰੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਲਕ ਦੇ ਕਿਸੇ ਵੀ ਹਿੱਸੇ ’ਚ ਜ਼ਮੀਨ ਖ਼ਰੀਦਣ ਦੀ ਖੁੱਲ੍ਹ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਸ੍ਰੀ ਬਰਾੜ ਨੇ ਕਿਹਾ ਕਿ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਕੋਲ ਏਨੀ ਪਹੁੰਚ ਨਹੀਂ ਹੁੰਦੀ ਕਿ ਪੰਜਾਬ ਵਿੱਚ ਹੀ ਮੁੜ ਮਹਿੰਗੀ ਜ਼ਮੀਨ ਖ਼ਰੀਦ ਸਕਣ। ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜੰਮੂ ਕਟੜਾ ਐਕਸਪ੍ਰੈੱਸ ਵੇਅ ਮੁਕੰਮਲ ਹੋਣ ਮਗਰੋਂ ਸੰਗਰੂਰ ਵਿੱਚ ਆਵਾਜਾਈ ਸਮੱਸਿਆ ਬਣਨ ਦਾ ਖ਼ਦਸ਼ਾ ਜ਼ਾਹਰ ਕੀਤਾ।

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਕਈ ਸੜਕਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਦੀ ਮਾੜੀ ਹਾਲਤ ਕਾਰਨ ਪ੍ਰਾਈਵੇਟ ਬੱਸਾਂ ਚੱਲਣੋਂ ਬੰਦ ਹੋ ਗਈਆਂ ਹਨ। ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਨੇ ਬੇਟ ਇਲਾਕੇ ਦੀਆਂ ਟੁੱਟੀਆਂ ਸੜਕਾਂ ਦੀ ਗੱਲ ਕੀਤੀ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਦੇ ਬਾਂਡ ਭਰਾਏ ਜਾਣ ਵਿੱਚ ਕੀਤੀ ਸੋਧ ਦੀ ਸ਼ਲਾਘਾ ਕੀਤੀ। ਉਨ੍ਹਾਂ ਬਜਟ ਵਿੱਚ ਅਬੋਹਰ ਇਲਾਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ। ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਾਹਿਲਪੁਰ ਬਲਾਕ ’ਚ ਗਰਾਂਟਾਂ ਵਿੱਚ ਹੋਏ ਘਪਲੇ ਦੀ ਵਿਜੀਲੈਂਸ ਜਾਂਚ ਮੰਗੀ। ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਫਗਵਾੜਾ ਨੇ ਸਰਕਾਰ ਨੇ 1800 ਲੈਕਚਰਾਰਾਂ ਨੂੰ ਤਰੱਕੀ ਦੇ ਕੇ ਉਨ੍ਹਾਂ ਦੀ ਤਾਇਨਾਤੀ ਦੂਰ-ਦੁਰਾਡੇ ਕਰਨ ’ਤੇ ਸਵਾਲ ਚੁੱਕੇ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕਾ ਮਹਿਲ ਕਲਾਂ ’ਚ ਕਾਲਜ ਖੋਲ੍ਹਣ ਦਾ ਮੁੱਦਾ ਚੁੱਕਿਆ।

ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਆਦਮਪੁਰ ਦੇ ਪੁਲ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਸ਼ੁਰੂ ਹੋਇਆ ਪੁਲ ਹਾਲੇ ਵੀ ਅਧੂਰਾ ਪਿਆ ਹੈ। ਇਸੇ ਦੌਰਾਨ ਪ੍ਰਸ਼ਨ ਕਾਲ ਵਿੱਚ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਲਈ ਲਗਾਏ ਗਏ ਸੋਲਰ ਪੰਪਾਂ ਰਾਹੀਂ ਵਾਧੂ ਸੌਰ ਊਰਜਾ ਪੈਦਾ ਕਰਨ ’ਤੇ ਕਿਸਾਨਾਂ ਨੂੰ ਲਾਭ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਅਰੋੜਾ ਨੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਪੁਰੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸੂਬੇ ਵਿੱਚ ਖੇਤੀ ਵਰਤੋਂ ਲਈ 20,000 ਸੋਲਰ ਪੰਪ ਲਗਾਏ ਜਾਣਗੇ ਅਤੇ ਇਨ੍ਹਾਂ ਵਿੱਚੋਂ ਪੰਜ ਹਜ਼ਾਰ ਤੋਂ ਵੱਧ ਪੰਪ ਪਹਿਲਾਂ ਹੀ ਕਿਸਾਨਾਂ ਨੂੰ ਅਲਾਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੇਡਾ ਵੱਲੋਂ ਅਗਲੇ ਦੋ ਵਿੱਤੀ ਸਾਲਾਂ ਵਿੱਚ ਸਰਕਾਰੀ ਇਮਾਰਤਾਂ ’ਤੇ 100 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਸਥਾਪਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਨ ਕਾਲ ਦੌਰਾਨ ‘ਆਪ’ ਦੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸਿਹਤ ਸੇਵਾਵਾਂ ਨੂੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਚੁੱਕ ਲਏ ਹਨ। ਲਾਡੀ ਢੋਸ ਨੇ ਸਵਾਲ ਕੀਤਾ ਕਿ ਵਿਧਾਨ ਸਭਾ ਹਲਕਾ ਧਰਮਕੋਟ ਵਿੱਚ ਕੋਈ ਸਬ ਡਿਵੀਜ਼ਨਲ ਹਸਪਤਾਲ ਨਹੀਂ ਹੈ। ਹੁਣ ਭਰਤੀ ਕੀਤੇ 255 ਨਵੇਂ ਡਾਕਟਰਾਂ ਵਿੱਚੋਂ ਵੀ ਮੋਗਾ ਦੇ ਹਿੱਸੇ ਸਿਰਫ਼ 4 ਹੀ ਆਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਹਜ਼ਾਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-69 ਅਤੇ ਪਿੰਡ ਸਨੇਟਾ ਵਿੱਚ ਡਿਸਪੈਂਸਰੀਆਂ ਲਈ ਉਸਾਰੀਆਂ ਨਵੀਆਂ ਇਮਾਰਤਾਂ ’ਚ ਲੋੜੀਂਦਾ ਸਿਹਤ ਅਮਲਾ ਤਾਇਨਾਤ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਸੈਕਟਰ-79 ਵਿੱਚ ਉਸਾਰੀ ਅਧੀਨ ਡਿਸਪੈਂਸਰੀ ਦੀ ਇਮਾਰਤ ਦਾ ਮੁੱਦਾ ਵੀ ਚੁੱਕਿਆ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ੀਰਕਪੁਰ ਵਿੱਚ ਸਰਕਾਰੀ ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ।

ਬਜਟ ਸੈਸ਼ਨ : ਝਲਕੀਆਂ

* ਕੀ ਜਲ ਸਰੋਤ ਮੰਤਰੀ ਬਰਿੰਦਰ ਗੋਇਲ ‘ਪੰਜ ਇਸ਼ਨਾਨਾ’ ਕਰਦੇ ਹਨ। ਅੱਜ ਸਦਨ ’ਚ ਮੰਤਰੀ ਨੇ ਪਾਣੀ ਦੀ ਬੱਚਤ ਬਾਰੇ ਦੱਸਦਿਆਂ ਕਿਹਾ ਕਿ ‘ਉਹ ਤੀਹ ਸਾਲ ਤੋਂ ਅੱਧੀ ਬਾਲਟੀ ਪਾਣੀ ਨਾਲ ਨਹਾਉਂਦੇ ਹਨ, ਹਫ਼ਤੇ ’ਚ ਇੱਕ ਦਿਨ ਸਾਬਣ ਲਾ ਕੇ ਨਹਾਉਂਦੇ ਹਨ, ਉਸ ਦਿਨ ਪੌਣੀ ਬਾਲਟੀ ਪਾਣੀ ਨਾਲ ਨਹਾ ਲੈਂਦੇ ਹਨ।’

* ਦੋ ਦਿਨਾਂ ਤੋਂ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਵਜ਼ੀਰਾਂ ਤੋਂ ਖ਼ੁਸ਼ੀਆਂ ਪ੍ਰਾਪਤ ਕਰਦੇ ਨਜ਼ਰ ਆਏ। ਵਜ਼ੀਰ ਮੰਗ ਮੰਨਣ ਬਾਅਦ ਆਖਦੇ ਹਨ ਕਿ ‘ਹੁਣ ਤਾਂ ਖ਼ੁਸ਼ ਹੋ।’ ਅੱਜ ਕਈ ਵਿਧਾਇਕਾਂ ਨੇ ਵਜ਼ੀਰਾਂ ਨੂੰ ਕਿਹਾ ‘ਸਾਨੂੰ ਵੀ ਖ਼ੁਸ਼ ਕਰ ਦਿਓ।’

* ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਬੈਂਚਾਂ ਨੂੰ ਮੁਖ਼ਾਤਬ ਹੁੰਦੇ ਕਿਹਾ ਕਿ ‘ਸਮੇਂ ਦੀ ਕੋਈ ਸ਼ਿਕਾਇਤ ਤਾਂ ਨਹੀਂ, ਐਵੇਂ ਇਕੱਲੀਆਂ ਖ਼ਬਰਾਂ ਲੁਆਉਣ ਲਈ ਰੌਲਾ ਨਾ ਪਾਇਆ ਕਰੋ।’

* ਸਪੀਕਰ ਸੰਧਵਾਂ ਅੱਜ ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜ਼ਮੀਲ-ਉਰ-ਰਹਿਮਾਨ ਤੋਂ ਸ਼ੇਅਰ ਸੁਣਨ ਦੇ ਮੂਡ ਵਿੱਚ ਸਨ। ਸੰਧਵਾਂ ਨੇ ਇਸ ਵਿਧਾਇਕ ਨੂੰ ਸੱਦਾ ਦੇਣ ਤੋਂ ਪਹਿਲਾਂ ਕਿਹਾ ਕਿ ‘ਜਹਾਂ ਨਾ ਪਹੁੰਚੇ ਰਵੀ, ਵਹਾਂ ਪਹੁੰਚੇ ਕਵੀ’। ਵਿਧਾਇਕ ਨੇ ਇਕੱਲੀ ਬਹਿਸ ਨਾਲ ਹੀ ਸਾਰ ਦਿੱਤਾ।

* ਸਪੀਕਰ ਨੇ ਅੱਜ ਬਿਨਾਂ ਨਾਮ ਲਏ ਸੁਖਪਾਲ ਸਿੰਘ ਖਹਿਰਾ ’ਤੇ ਵਿਅੰਗ ਕੀਤਾ। ਉਨ੍ਹਾਂ ਵਿਰੋਧੀ ਮੈਂਬਰਾਂ ਨੂੰ ਕਿਹਾ ‘ਥੋਨੂੰ ਸਮਾਂ ਲੈਣ ਲਈ ਵਾਰ-ਵਾਰ ਛਾਲਾਂ ਤਾਂ ਨਹੀਂ ਮਾਰਨੀਆਂ ਪਈਆਂ, ਕਈ ਛਾਲਾਂ ਮਾਰਨ ਲੱਗ ਜਾਂਦੇ ਨੇ।’

* ਜਦੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ੁਦ ਹੀ ਨਸੀਹਤਾਂ ਦੇਣ ਲੱਗੇ ਤਾਂ ਸ੍ਰੀ ਸੰਧਵਾਂ ਨੇ ਕਿਹਾ ਕਿ ‘ਸਰਕਾਰਾਂ ਤੇ ਮੰਤਰੀ ਕੰਮ ਕਰਨ ਲਈ ਹੁੰਦੇ ਨੇ, ਨਾ ਕਿ ਬੋਲਣ ਲਈ, ਕਿਤੇ ਤੁਸੀਂ ਭੁੱਲ ਤਾਂ ਨਹੀਂ ਗਏ ਕਿ ਤੁਸੀਂ ਵਜ਼ੀਰ ਹੋ।’ ਭੁੱਲਰ ਨੇ ਅੱਗਿਓਂ ਕਿਹਾ ‘ਸਾਨੂੰ ਵੀ ਕਾਂਗਰਸੀ ਮੈਂਬਰਾਂ ਵਾਂਗ ਸਮਾਂ ਦੇ ਦਿਆ ਕਰੋ।’

* ਸਦਨ ’ਚ ਅੱਜ ਰਾਣਾ ਗੁਰਜੀਤ ਸਿੰਘ ਨੇ ਜ਼ਮੀਨੀ ਪਾਣੀਆਂ ’ਤੇ ਤੱਥ ਦੇ ਕੇ ਬਹਿਸ ਕੀਤੀ। ਉਨ੍ਹਾਂ ਦੇ ਵਿਧਾਇਕ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਬਹਿਸ ਵਿੱਚ ਹਿੱਸਾ ਲਿਆ।

* ਦਵਿੰਦਰ ਸਿੰਘ ਲਾਡੀ ਢੋਸ ਨੇ ਸਦਨ ’ਚ ਸਿਹਤ ਮੰਤਰੀ ਨੂੰ ਸੰਬੋਧਨ ਹੁੰਦੇ ਕਿਹਾ ਕਿ ਉਨ੍ਹਾਂ ਦੇ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹੈ।

ਪ੍ਰਿੰਸੀਪਲਾਂ ਨੂੰ ਸਟੇਸ਼ਨ ਦਿੱਤੇ ਜਾਣ: ਇਯਾਲੀ

ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪ੍ਰਿੰਸੀਪਲ ਵਜੋਂ ਤਰੱਕੀ ਲੈਣ ਵਾਲੇ 17 ਅਧਿਆਪਕਾਂ ਦਾ ਮਾਮਲਾ ਉਠਾਇਆ ਜਿਨ੍ਹਾਂ ਨੂੰ ਤਰੱਕੀ ਮਗਰੋਂ ਹਾਲੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਪ੍ਰਿੰਸੀਪਲ ਤਨਖ਼ਾਹਾਂ ਲੈ ਰਹੇ ਹਨ ਪਰ ਉਨ੍ਹਾਂ ਨੂੰ ਸਟੇਸ਼ਨ ਨਹੀਂ ਮਿਲੇ ਜਦੋਂਕਿ ਸਰਕਾਰੀ ਕਾਲਜ ਬਿਨਾਂ ਪ੍ਰਿੰਸੀਪਲਾਂ ਤੋਂ ਵੀ ਚੱਲ ਰਹੇ ਹਨ।

1.80 ਕਰੋੜ ਦੇ ਫੰਡਾਂ ਨੂੰ ਖੁਰਦ-ਬੁਰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ: ਸੌਂਦ

ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਬਲਾਕ ਸਮਿਤੀ ਫਿਰੋਜ਼ਪੁਰ ਨੂੰ ਅਲਾਟ ਕੀਤੀਆਂ ਗ੍ਰਾਂਟਾਂ ਵਿੱਚੋਂ ਧੋਖਾਧੜੀ ਨਾਲ ਕਢਵਾਏ 1,80,87,591 ਰੁਪਏ ਦੇ ਫੰਡਾਂ ਬਾਬਤ ਵਿਭਾਗੀ ਜਾਂਚ ਕਰਵਾਉਣ ਉਪਰੰਤ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਹੈ। ਇਹ ਜਵਾਬ ਕੈਬਨਿਟ ਮੰਤਰੀ ਨੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਬਣਦੀ ਰਿਕਵਰੀ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਨੂੰ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਵੱਲੋਂ ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੀ ਆਈਟੀ ਟੀਮ ਨੂੰ ਵੈੱਬਸਾਈਟ ਦੀ ਸੁਰੱਖਿਆ ਲਈ ਮਾਪਦੰਡ ਹੋਰ ਸਖਤ ਕਰਵਾਉਣ ਲਈ ਲਿਖਿਆ ਗਿਆ ਹੈ।

Advertisement
×