DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਫ਼ਰ ਕਾਲ: ਝੋਨੇ ਦੀ ਖ਼ਰੀਦ ’ਚ ਲੁੱਟ ਦਾ ਮੁੱਦਾ ਗੂੰਜਿਆ

ਅਮਨ ਅਰੋੜਾ ਤੇ ਤ੍ਰਿਪਤ ਰਾਜਿੰਦਰ ਬਾਜਵਾ ’ਚ ਹੋਈ ਬਹਿਸ; ਮਾਮਲੇ ਦੀ ਜਾਂਚ ਮੰਗੀ
  • fb
  • twitter
  • whatsapp
  • whatsapp
featured-img featured-img
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ।
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 28 ਮਾਰਚ

Advertisement

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਸਿਫ਼ਰ ਕਾਲ ਦੌਰਾਨ ਝੋਨੇ ਦੀ ਖ਼ਰੀਦ ਦੇ ਲੰਘੇ ਸੀਜ਼ਨ ’ਚ ਕਿਸਾਨਾਂ ਦੀ ਹੋਈ ਲੁੱਟ ਦੇ ਮੁੱਦੇ ’ਤੇ ਖੜਕਾ-ਦੜਕਾ ਹੋਇਆ। ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਝੋਨੇ ਦੇ ਲੰਘੇ ਸੀਜ਼ਨ ’ਚ ਕਰੀਬ ਚਾਰ ਹਜ਼ਾਰ ਕਰੋੜ ਦਾ ਘਪਲਾ ਹੋਣ ਦੀ ਗੱਲ ਆਖ ਕੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ। ਸ੍ਰੀ ਬਾਜਵਾ ਨੇ ਕਿਹਾ ਕਿ ਮਾਝੇ ਵਿੱਚ ਕਿਸਾਨਾਂ ਦੀ ਲੁੱਟ ਹੋਈ ਹੈ ਜਿਸ ਵਿੱਚ ਏਜੰਸੀਆਂ ਜਾਂ ਉੱਚ ਅਧਿਕਾਰੀ ਸ਼ਾਮਲ ਹੋ ਸਕਦੇ ਹਨ।

ਮਾਮਲਾ ਉਦੋਂ ਭਖ਼ ਗਿਆ ਜਦੋਂ ਸ੍ਰੀ ਬਾਜਵਾ ਨੇ ਆਖ ਦਿੱਤਾ ਕਿ ਲੋਕ ਆਖਦੇ ਹਨ ਕਿ ਇਹ ਪੈਸਾ ਦਿੱਲੀ ਚਲਾ ਗਿਆ ਹੈ। ਇੰਨਾ ਸੁਣਨ ਮਗਰੋਂ ਮੰਤਰੀ ਅਮਨ ਅਰੋੜਾ ਤੈਸ਼ ਵਿੱਚ ਆ ਗਏ ਅਤੇ ਕਿਹਾ ਕਿ ਇਸ ਮਾਮਲੇ ’ਚ ਇੱਕ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਐੱਮਐੱਸਪੀ ਦੇ ਹਿਸਾਬ ਨਾਲ ਸਾਰਾ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਗਿਆ ਹੈ। ਉਨ੍ਹਾਂ ਸ੍ਰੀ ਬਾਜਵਾ ਨੂੰ ਇੱਕ ਵੀ ਅਜਿਹੀ ਸ਼ਿਕਾਇਤ ਦੱਸਣ ਲਈ ਕਿਹਾ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤ੍ਰਿਪਤ ਦੀ ਕਹੀ ਗੱਲ ਨੂੰ ਸ਼ਿਕਾਇਤ ਮੰਨਿਆ ਜਾਵੇ ਅਤੇ ਹਾਊਸ ਦੀ ਕਮੇਟੀ ਬਣਾ ਕੇ ਇਸ ਦੀ ਜਾਂਚ ਕੀਤੀ ਜਾਵੇ।

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਮਨ ਅਰੋੜਾ

ਇਸ ਮੌਕੇ ਅਮਨ ਅਰੋੜਾ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਦਰਮਿਆਨ ਬਹਿਸ ਵੀ ਹੋਈ। ਸ੍ਰੀ ਅਰੋੜਾ ਨੇ ਕਿਹਾ ਕਿ ਜਿਹੜੇ ਕਹਿੰਦੇ ਨੇ ਕਿ ਪੈਸਾ ਦਿੱਲੀ ਗਿਆ ਹੈ, ਉਹ ਸਬੂਤ ਦੇਣ। ਸਪੀਕਰ ਨੇ ਵੀ ਕਿਹਾ ਕਿ ਜੇ ਕਿਸਾਨਾਂ ਦੀ ਕੋਈ ਲੁੱਟ ਹੋਈ ਹੈ ਤਾਂ ਖੇਤੀ ਕਮੇਟੀ ਕੋਲ ਸ਼ਿਕਾਇਤ ਕੀਤੀ ਜਾਵੇ। ਇਸੇ ਤਰ੍ਹਾਂ ਹੀ ਸਿਫ਼ਰ ਕਾਲ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮਿਲਣ ਦੇਣਾ ਚਾਹੀਦਾ ਹੈ।

ਵਿਧਾਇਕ ਸੁਖਬਿੰਦਰ ਸਰਕਾਰੀਆ ਨੇ ਪਿਛਲੇ ਦਿਨੀਂ ਮਾਝੇ ’ਚ ਭਾਰੀ ਬਾਰਸ਼ ਨਾਲ 10 ਪਿੰਡਾਂ ਵਿੱਚ ਹੋਏ ਫ਼ਸਲੀ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਕੀਤੀ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪੰਜਾਬ ਵਿੱਚ ਰਹਿ ਰਹੇ 18 ਤੋਂ 20 ਲੱਖ ਟੱਪਰੀਵਾਸ ਜਿਨ੍ਹਾਂ ਵਿੱਚ ਸਾਂਸੀ ਤੇ ਬਾਜ਼ੀਗਰ ਆਦਿ ਹਨ, ਨੂੰ ਕਾਬਜ਼ ਥਾਵਾਂ ਦੇ ਮਾਲਕੀ ਹੱਕ ਦੇਣ ਦਾ ਮੁੱਦਾ ਚੁੱਕਿਆ ਜਦੋਂਕਿ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਬੇਟ ਇਲਾਕੇ ਵਿਚ ਜੰਗਲੀ ਸੂਰਾਂ ਕਰ ਕੇ ਹੁੰਦੇ ਫ਼ਸਲੀ ਨੁਕਸਾਨ ਦੀ ਗੱਲ ਰੱਖੀ ਜੋ ਮਨੁੱਖਾਂ ’ਤੇ ਹਮਲੇ ਕਰ ਰਹੇ ਹਨ। ਵਿਧਾਇਕ ਸੁਖਵਿੰਦਰ ਕੋਟਲੀ ਨੇ ਪੀਣ ਵਾਲੇ ਪਾਣੀ ਅਤੇ ਨਹਿਰੀ ਪਾਣੀ ਦਾ ਮੁੱਦਾ ਰੱਖਿਆ। ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਨਵਾਂ ਸ਼ਹਿਰ ’ਚ ਟੁੱਟੀ ਸੜਕ ਦੀ ਗੱਲ ਕੀਤੀ। ਵਿਧਾਇਕ ਪਰਗਟ ਸਿੰਘ ਨੇ ਦਿੱਲੀ ਸਰਕਾਰ ਨਾਲ ਪਿਛਲੇ ਸਮੇਂ ਦੌਰਾਨ ਹੋਏ ਨੌਲਿਜ ਸ਼ੇਅਰਿੰਗ ਸਮਝੌਤੇ ਦੀ ਮੌਜੂਦਾ ਸਥਿਤੀ ਪੁੱਛੀ। ਉਨ੍ਹਾਂ ਚੰਡੀਗੜ੍ਹ ਯੂਟੀ ’ਚ ਅਫ਼ਸਰ ਕਾਡਰ ’ਚ ਪੰਜਾਬ ਦੇ ਖ਼ਤਮ ਹੋ ਰਹੇ ਕੋਟੇ ਦਾ ਮੁੱਦਾ ਵੀ ਚੁੱਕਿਆ।

ਵਿਧਾਇਕ ਹਰਦੇਵ ਸਿੰਘ ਲਾਡੀ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਲਈ ਅਲਾਟ ਹੋਏ 280 ਕਰੋੜ ’ਚੋਂ ਹੁਣ ਤੱਕ 20 ਕਰੋੜ ਰੁਪਏ ਖ਼ਰਚ ਹੋਏ ਹਨ ਪ੍ਰੰਤੂ ਹੁਣ ਇਸ ਦੀ ਉਸਾਰੀ ਰੁਕ ਗਈ ਹੈ ਜੋ ਮੁੜ ਚਾਲੂ ਕੀਤੀ ਜਾਵੇ। ਵਿਧਾਇਕਾ ਅਰੁਣਾ ਚੌਧਰੀ ਅਤੇ ਕੁਲਵੰਤ ਪੰਡੋਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮੁੱਦਾ ਚੁੱਕਦਿਆਂ ਕਿਹਾ ਕਿ 31 ਮਾਰਚ ਤੱਕ ਕੱਚੇ ਘਰਾਂ ਵਾਲਿਆਂ ਤੋਂ ਵੱਧ ਤੋਂ ਵੱਧ ਅਪਲਾਈ ਕਰਾਇਆ ਜਾਵੇ ਜਦੋਂਕਿ ਪੰਡੋਰੀ ਨੇ ਇਸ ਦੀ ਰਕਮ ਵਿੱਚ ਵਾਧਾ ਕਰਨ ਦੀ ਮੰਗ ਰੱਖੀ।

ਜਥੇਦਾਰ ਹਟਾਏ ਜਾਣ ਦੀ ਵੀ ਪਈ ਗੂੰਜ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਤਿੰਨ ਜਥੇਦਾਰਾਂ ਨੂੰ ਹਟਾਏ ਜਾਣ ਦਾ ਮਾਮਲਾ ਗੰਭੀਰ ਹੈ ਜਿਸ ਬਾਰੇ ਹਾਊਸ ਵਿੱਚ ਚਰਚਾ ਹੋਵੇ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਇੱਕ ਵਿਅਕਤੀ ਦੀ ਮਰਜ਼ੀ ਕਰ ਕੇ ਸਿੱਖ ਸੰਸਥਾਵਾਂ ਦੀ ਹੋਂਦ ਨੂੰ ਖ਼ਤਰੇ ਵਿੱਚ ਨਹੀਂ ਪੈਣ ਦਿੱਤਾ ਜਾਣਾ ਚਾਹੀਦਾ। ਦੋ ਦਸੰਬਰ ਦਾ ਹੁਕਮਨਾਮਾ ਅਕਾਲੀ ਲੀਡਰਸ਼ਿਪ ਮੰਨ ਲੈਂਦੀ ਤਾਂ ਅਜਿਹੀ ਕੋਈ ਨੌਬਤ ਨਹੀਂ ਬਣਨੀ ਸੀ।

ਕਬਾੜ ਵਾਹਨਾਂ ਦੀ ਨਿਲਾਮੀ ਹੋਵੇ: ਕੁਲਵੰਤ ਸਿੰਘ

ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਥਾਣਿਆਂ ’ਚ ਖੜ੍ਹੀਆਂ ਗੱਡੀਆਂ ਦੇ ਕਬਾੜ ਦਾ ਮੁੱਦਾ ਚੁੱਕਦਿਆਂ ਮਸ਼ਵਰਾ ਦਿੱਤਾ ਕਿ ਜੇ ਸਰਕਾਰ ਸੜਕੀ ਹਾਦਸਿਆਂ ਵਾਲੇ ਕੇਸਾਂ ’ਚ ਥਾਣਿਆਂ ਦੇ ਮਾਲਖ਼ਾਨੇ ’ਚ ਖੜ੍ਹੀਆਂ ਕਰੀਬ 39 ਹਜ਼ਾਰ ਗੱਡੀਆਂ ਦੀ ਨਿਲਾਮੀ ਕਰ ਦੇਵੇ ਤਾਂ 150 ਕਰੋੜ ਰੁਪਏ ਖ਼ਜ਼ਾਨੇ ਵਿੱਚ ਆ ਸਕਦੇ ਹਨ। ਇਸ ਨਾਲ 200 ਏਕੜ ਜ਼ਮੀਨ ਖ਼ਰੀਦੀ ਜਾ ਸਕਦੀ ਹੈ ਅਤੇ ਹਰ ਤਹਿਸੀਲ ਨੂੰ ਦੋ ਏਕੜ ਜ਼ਮੀਨ ਦਿੱਤੀ ਜਾਵੇ ਜਿੱਥੇ ਭਵਿੱਖ ਲਈ ਮਾਲਖ਼ਾਨਾ ਬਣ ਸਕੇ।

Advertisement
×