ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ, ਪੀੜਤ ਪਰਿਵਾਰ ਵੱਲੋਂ ਧਰਨਾ
ਦੋਸਤ ਦੀ ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਹੋਏ ਝਗੜੇ ਦੇ ਮਾਮਲੇ ’ਚ ਸਮਝੌਤਾ ਨਾ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਬੁਢਲਾਡਾ ਵਿੱਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬੁਢਲਾਡਾ ਦੀ ਪੁਲੀਸ ਨੇ 14 ਵਿਅਕਤੀਆਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਨੇ ਥਾਣਾ ਸਦਰ ਬੁਢਲਾਡਾ ਅੱਗੇ ਧਰਨਾ ਦੇ ਕੇ ਮੁਲਜ਼ਮਾਂ ਦੇ ਫੜੇ ਜਾਣ ਤੱਕ ਨਾ ਪੋਸਟਮਾਰਟਮ ਅਤੇ ਨਾ ਹੀ ਅੰਤਿਮ ਸੰਸਕਾਰ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਮ੍ਰਿਤਕ ਗੁਰਸੇਵਕ ਸਿੰਘ ਦੇ ਪਿਤਾ ਬੁੱਧ ਰਾਮ ਨੇ ਦੱਸਿਆ ਕਿ ਕੁਝ ਵਿਅਕਤੀ ਉਸ ਦੇ ਲੜਕੇ ਦੇ ਦੋਸਤ ਦੀ ਭੈਣ ਨੂੰ ਛੇੜਦੇ ਸਨ, ਜਿਸ ਦਾ ਉਸ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ 21 ਅਗਸਤ ਨੂੰ ਮੁਲਜ਼ਮਾਂ ਨੇ ਗੁਰਸੇਵਕ ਸਿੰਘ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ 3 ਸਤੰਬਰ ਨੂੰ ਗੁਰਸੇਵਕ ਸਿੰਘ ਦੋਸਤ ਨਾਲ ਸ਼ਹਿਰ ਦੇ ਹੋਟਲ ’ਚ ਖਾਣਾ ਖਾਣ ਗਿਆ ਤਾਂ ਯੋਗੇਸ਼ ਉਰਫ ਦੱਦੂ ਵਾਸੀ ਸੰਗਰੂਰ ਤੇ ਹੋਰ ਉਸ ਦੇ ਸਾਥੀ ਹੋਟਲ ’ਚ ਪਹੁੰਚ ਗਏ। ਯੋਗੇਸ਼ ਨੇ ਕਿਹਾ ਕਿ ਸੁਖਬੀਰ ਬਾਬਾ ਠੇਕੇਦਾਰ ਨਾਲ ਸਮਝੌਤਾ ਕਰ ਲੈ ਪਰ ਗੁਰਸੇਵਕ ਸਿੰਘ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਯੋਗੇਸ਼ ਉਰਫ ਦੱਦੂ ਨੇ ਦੋਨਾਲੀ ਨਾਲ ਗੁਰਸੇਵਕ ਦੇ ਗੋਲੀ ਮਾਰੀ ’ਤੇ ਫ਼ਰਾਰ ਹੋ ਗਏ। ਜ਼ਖ਼ਮੀ ਗੁਰਸੇਵਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸਦਰ ਬੁਢਲਾਡਾ ਦੇ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਬੁੱਧ ਰਾਮ ਦੇ ਬਿਆਨਾਂ ’ਤੇ ਯੋਗੇਸ਼ ਉਰਫ ਦੱਦੂ ਵਾਸੀ ਸੰਗਰੂਰ, ਤੁਲੀ ਵਾਸੀ ਮੰਗੂਪੁਰ (ਸੰਗਰੂਰ), ਵਿਸ਼ਾਲ, ਕਿੰਦੀ, ਜਸਪਾਲ ਬੱਤਰਾ, ਸੰਦੀਪ ਸਿੰਘ, ਲੱਡੂ ਸਿੰਘ, ਜੋਨੀ, ਨੋਨੂੰ, ਸੰਜੇ, ਸੁਖਬੀਰ ਬਾਬਾ ਠੇਕੇਦਾਰ ਵਾਸੀ ਬੁਢਲਾਡਾ, ਬਬਲਾ ਵਾਸੀ ਹਸਨਪੁਰ (ਬੁਢਲਾਡਾ) ’ਤੇ ਕੁੱਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।