ਰੰਜਿਸ਼ ਕਾਰਨ ਨੌਜਵਾਨ ਦਾ ਕਤਲ
ਜਲੰਧਰ (ਹਤਿੰਦਰ ਮਹਿਤਾ): ਇੱਥੇ ਦੇਰ ਰਾਤ ਦਰਜਨ ਦੇ ਕਰੀਬ ਹਮਲਾਵਰਾਂ ਨੇ ਰੰਜਿਸ਼ ਤਹਿਤ ਤਿੰਨ ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਭਰਾ ਦੀ ਮੌਤ ਹੋ ਗਈ ਜਦੋਂ ਕਿ ਦੋ ਭਰਾ ਜ਼ੇਰੇ ਇਲਾਜ ਹਨ। ਘਟਨਾ ਤੋਂ ਬਾਅਦ ਰਾਮਾਂ ਮੰਡੀ ਥਾਣੇ ਦੀ ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਰਾਤ 10:45 ਵਜੇ ਰਾਮਾਂ ਮੰਡੀ ਥਾਣੇ ਅਧੀਨ ਸੁੱਚੀ ਪਿੰਡ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਉਸ ਦੇ ਭਰਾ ਮੁਕੇਸ਼ ਕੁਮਾਰ ਅਤੇ ਪਵਨ ਕੁਮਾਰ ਗੰਭੀਰ ਜ਼ਖਮੀ ਹਨ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਗਿਆ ਅਤੇ ਆਪਣੇ ਭਰਾ ਪਵਨ ਦੀ ਦੁਕਾਨ ’ਤੇ ਪਹੁੰਚਿਆ ਜਿੱਥੇ ਤਿੰਨੋਂ ਭਰਾ ਅਤੇ ਉਨ੍ਹਾਂ ਦੇ ਪਿਤਾ ਜੈਰਾਮ ਬੈਠੇ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਪ੍ਰਿੰਸ ਆਪਣੇ ਦੋਸਤਾਂ ਨਾਲ ਸਕਾਰਪੀਓ ਵਿੱਚ ਆਇਆ। ਜਦੋਂ ਮਨਦੀਪ ਦੁਕਾਨ ਤੋਂ ਬਾਹਰ ਆਇਆ ਤਾਂ ਪ੍ਰਿੰਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਨਦੀਪ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਮਨਦੀਪ ਨੂੰ ਬਚਾਉਣ ਆਏ ਉਸ ਦੇ ਭਰਾਵਾਂ ਮੁਕੇਸ਼ ਅਤੇ ਪਵਨ ’ਤੇ ਵੀ ਹਮਲਾ ਕੀਤਾ। ਇਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।