ਰੰਜਿਸ਼ ਕਾਰਨ ਨੌਜਵਾਨ ਦਾ ਕਤਲ
ਸੁਭਾਸ਼ ਚੰਦਰ/ਗੁਰਨਾਮ ਸਿੰਘ ਅਕੀਦਾ
ਸਮਾਣਾ/ਪਟਿਆਲਾ, 14 ਜੁਲਾਈ
ਪਿੰਡ ਕਰਹਾਲੀ ਸਾਹਿਬ ਵਿੱਚ ਰੰਜਿਸ਼ ਕਾਰਨ ਬੀਤੀ ਦੇਰ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਥਿਤ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪਸਿਆਣਾ ਪੁਲੀਸ ਨੇ 9 ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਬਲਵੰਤ ਸਿੰਘ, ਬਲਕਾਰ ਸਿੰਘ, ਲਾਡੀ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਪੰਜ ਅਣਪਛਾਤੇ ਨੌਜਵਾਨ ਵੀ ਸ਼ਾਮਲ ਹਨ। ਪਸਿਆਣਾ ਪੁਲੀਸ ਥਾਣਾ ਦੇ ਇੰਚਾਰਜ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ (30) ਦੇ ਪਿਤਾ ਕੁਲਵੰਤ ਸਿੰਘ ਵਾਸੀ ਕਰਹਾਲੀ ਸਾਹਿਬ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਆਪਣੇ ਪੁੱਤਰ ਨਾਲ ਖੇਤਾਂ ਤੋਂ ਚਾਰਾ ਲੈ ਕੇ ਘਰ ਆ ਰਹੇ ਸਨ। ਇਸ ਦੌਰਾਨ ਪਿੰਡ ਦੇ ਬੱਸ ਅੱਡੇ ਨੇੜੇ ਪਿੰਡ ਦੇ ਹੀ ਨੌਜਵਾਨਾਂ ਨੇ ਉਸ ਦੇ ਪੁੱਤਰ ਨੂੰ ਘੇਰ ਕੇ ਕੁੱਟਿਆ। ਮਗਰੋਂ ਉਸ ਨੂੰ ਆਪਣੇ ਨਾਲ ਘਰ ਲੈ ਗਏ, ਜਿੱਥੇ ਤੇਜ਼ਧਾਰ ਹਥਿਆਰਾਂ ਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਮਾਣਾ ਲਿਆਂਦਾ ਗਿਆ, ਜਿੱਥੇ ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਇੱਥੇ ਜ਼ੇਰੇ ਇਲਾਜ ਮਨਪ੍ਰੀਤ ਦੀ ਰਾਤ ਸਮੇਂ ਮੌਤ ਹੋ ਗਈ। ਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਪਰਿਵਾਰ ਵਿੱਚ ਉਸ ਦੀ ਪਤਨੀ ਤੇ 6 ਸਾਲ ਦਾ ਪੁੱਤਰ ਹੈ। ਪੁਲੀਸ ਅਧਿਕਾਰੀ ਅਨੁਸਾਰ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਮੁਲਜ਼ਮ ਨੌਜਵਾਨ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।