ਪਿੰਡ ਮੂਸਾ ਵਿੱਚ ਰੰਜਿਸ਼ ਕਾਰਨ ਗੁਆਂਢੀ ਵੱਲੋਂ ਨੌਜਵਾਨ ਕਤਲ
ਹਮਲਾਵਰ ਨੇ ਨੌਜਵਾਨ ਦੀਆਂ ਦੋਵੇਂ ਲੱਤਾਂ ਵੱਢੀਆਂ; ਵਾਰਦਾਤ ਮਗਰੋਂ ਮੁਲਜ਼ਮ ਫ਼ਰਾਰ
ਪਿੰਡ ਮੂਸਾ ਵਿੱਚ ਰੰਜਿਸ਼ ਕਾਰਨ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਤੀਹ ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ। ਇਹ ਵਾਰਦਾਤ ਅੱਜ ਸਵੇਰੇ ਦੀ ਹੈ, ਜਿਸ ਨੂੰ ਨੌਜਵਾਨ ਦੇ ਗੁਆਂਢੀ ਨੇ ਅੰਜਾਮ ਦਿੱਤਾ। ਹਮਲਾਵਰ ਨੇ ਕੁਹਾੜੀ ਨਾਲ ਨੌਜਵਾਨ ਦੀਆਂ ਦੋਵੇਂ ਲੱਤਾਂ ਵੱਢ ਦਿੱਤੀਆਂ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਮਾਨਸਾ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਮੂਸਾ ਦੇ ਵਸਨੀਕ ਕੇਵਲ ਸਿੰਘ ਨੇ ਦੱਸਿਆ ਕਿ ਨੌਜਵਾਨ ਗਗਨਦੀਪ ਸਿੰਘ (30) ਪੁੱਤਰ ਬਿੱਕਰ ਸਿੰਘ ਆਪਣੇ ਘਰ ਦੇ ਬਾਹਰ ਬੈਠਾ ਸੀ। ਇਸ ਦੌਰਾਨ ਅਚਾਨਕ ਇਕ ਨੌਜਵਾਨ ਨੇ ਉਸ ’ਤੇ ਹਮਲਾ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਵੱਢ ਦਿੱਤੀਆਂ। ਮੁਲਜ਼ਮ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ। ਜ਼ਖ਼ਮੀ ਗਗਨਦੀਪ ਸਿੰਘ ਨੂੰ ਪਿੰਡ ਵਾਸੀਆਂ ਨੇ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਹਮਲਾਵਰ ਉਨ੍ਹਾਂ ਦਾ ਗੁਆਂਢੀ ਸੀ। ਦੋਵੇਂ ਪਹਿਲਾਂ ਬਹੁਤ ਚੰਗੇ ਦੋਸਤ ਸਨ ਅਤੇ ਇੱਕ-ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ।
ਮਾਨਸਾ ਦੇ ਡੀ ਐੱਸ ਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਦਰ ਨੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਦੇ ਬਿਆਨ ’ਤੇ ਸੰਦੀਪ ਸਿੰਘ (27) ਵਾਸੀ ਮੂਸਾ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।