ਕੇ ਪੀ ਸਿੰਘ
ਦਿੱਲੀ ਤੋਂ ਚੇਨੱਈ ਜਾ ਰਹੇ ਇੱਥੋਂ ਦੇ ਪਿੰਡ ਮੁੱਲਾਂਵਾਲ ਦੇ ਇੱਕ ਨੌਜਵਾਨ ਦੀ ਰੇਲ ਸਫ਼ਰ ਦੌਰਾਨ ਤੇਲੰਗਾਨਾ ਦੇ ਸ਼ਹਿਰ ਖੰਮਮ ਕੋਲ ਸ਼ੱਕੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਪਲਵਿੰਦਰ ਸਿੰਘ (21) ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਯੂਰਪ ਨੇੜਲੇ ਅਰਮੀਨੀਆ ਦੇਸ਼ ਵਿੱਚ ਕੁਝ ਸਮਾਂ ਨੌਕਰੀ ਕਰ ਕੇ ਘਰ ਪਰਤਿਆ ਸੀ ਅਤੇ ਹੁਣ 30 ਜੁਲਾਈ ਨੂੰ ਉਸ ਨੇ ਮੁੜ ਅਰਮੀਨੀਆ ਜਾਣਾ ਸੀ। ਮ੍ਰਿਤਕ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚੇਨੱਈ ਵੱਲ ਰੇਲ ਰਾਹੀਂ ਸਫ਼ਰ ਸ਼ੁਰੂ ਕੀਤਾ ਸੀ। ਇਸ ਦੌਰਾਨ ਤੇਲੰਗਾਨਾ ਦੇ ਸ਼ਹਿਰ ਵਿਜੈਵਾੜਾ ਨੇੜੇ ਖੰਮਮ ਕਸਬੇ ਨਜ਼ਦੀਕ ਸਫ਼ਰ ਦੌਰਾਨ ਹੀ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਤੇਲੰਗਾਨਾ ਦੇ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਇਸ ਮੌਤ ਦੀ ਖ਼ਬਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਮ੍ਰਿਤਕ ਦੇ ਮਾਮਾ ਦਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁੱਲਾਂਵਾਲ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਪਲਵਿੰਦਰ ਸਿੰਘ ਦੀ ਦੇਹ ਪਿੰਡ ਲਿਆਉਣ ਲਈ ਪਰਿਵਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਬਲਵਿੰਦਰ ਸਿੰਘ ਦੀ ਦੇਹ ਪ੍ਰਾਪਤ ਕਰਨ ਲਈ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਕਾਗ਼ਜ਼ੀ ਕਾਰਵਾਈ ਵੀ ਮੁਕੰਮਲ ਕੀਤੀ ਜਾ ਰਹੀ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਰਿਵਾਰ ਵੱਲੋਂ ਮੁਲਾਕਾਤ ਅੱਜ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਦਿੱਲੀ ਤੋਂ ਰੇਲ ਰਾਹੀਂ ਚੇਨੱਈ ਜਾਂਦਿਆਂ 2 ਅਗਸਤ ਨੂੰ ਪਲਵਿੰਦਰ ਸਿੰਘ ਦੀ ਮੌਤ ਹੋਈ ਸੀ। ਉਸ ਦੇ ਨਾਂ ਅਤੇ ਪਹਿਰਾਵੇ ਤੋਂ ਪੰਜਾਬੀ ਨੌਜਵਾਨ ਵਜੋਂ ਪਛਾਣ ਹੋਣ ’ਤੇ ਖੰਮਮ ਦੇ ਕੁਝ ਪੰਜਾਬੀਆਂ ਨੇ ਕਿਸੇ ਤਰ੍ਹਾਂ ਪਰਿਵਾਰ ਦਾ ਫੋਨ ਨੰਬਰ ਲੱਭਿਆ ਅਤੇ 2 ਅਗਸਤ ਦੀ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਖੰਮਮ ਤੋਂ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਲਵਿੰਦਰ ਸਿੰਘ ਦੀ ਦੇਹ ਪਿੰਡ ਲਿਆਉਣ ਅਤੇ ਮਾਮਲੇ ਦੀ ਜਾਂਚ ਲਈ ਉਹ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਣਗੇ ਜਦਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ‘ਆਪ’ ਆਗੂ ਜਗਰੂਪ ਸਿੰਘ ਸੇਖਵਾਂ ਤੱਕ ਵੀ ਪਹੁੰਚ ਕਰਨਗੇ।