ਧੁੰਦ ਕਾਰਨ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਫਰਵਰੀ
ਇੱਥੇ ਰਾਹੋਂ ਰੋਡ ’ਤੇ ਸਤਲੁਜ ਦਰਿਆ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਇਰਫਾਨ (40) ਵਾਸੀ ਪਿੰਡ ਮਹਿਲ, ਜ਼ਿਲ੍ਹਾ ਮੇਰਠ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਰਫਾਨ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕੰਮ ਕਰਦਾ ਸੀ। ਉਹ ਕੱਲ੍ਹ ਮੇਰਠ ਤੋਂ ਮੋਟਰਸਾਈਕਲ ਰਾਹੀਂ ਰਾਹੋਂ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਸਤੁਲਜ ਦਰਿਆ ਨੇੜੇ ਉਸ ਨੂੰ ਇੱਕ ਵਾਹਨ ਚਾਲਕ ਨੇ ਫੇਟ ਮਾਰ ਦਿੱਤੀ। ਇਸ ਕਾਰਨ ਇਰਫਾਨ ਸੜਕ ’ਤੇ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਇਰਫਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।
ਪੁਲੀਸ ਵੱਲੋਂ ਫ਼ਿਲਹਾਲ ਇੱਕ ਵਾਹਨ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਉੱਪਰ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਬਾਰੇ ਸੂਚਨਾ ਮਿਲਦਿਆਂ ਹੀ ਮੇਰਠ ਤੋਂ ਇਰਫਾਨ ਦੇ ਪਰਿਵਾਰਕ ਮੈਂਬਰ ਵੀ ਮਾਛੀਵਾੜਾ ਥਾਣੇ ਵਿੱਚ ਪਹੁੰਚ ਗਏ। ਪੁਲੀਸ ਵਲੋਂੱ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਰਫਾਨ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਪੰਜ ਬੱਚਿਆਂ ਦਾ ਪਿਤਾ ਸੀ।
ਹਾਦਸੇ ਵਿੱਚ ਪੰਚਾਇਤ ਸਕੱਤਰ ਦੀ ਮੌਤ![]()
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇੱਥੇ ਗੜ੍ਹਸ਼ੰਕਰ-ਨੂਰਪੁਰ ਬੇਦੀ ਮੁੱਖ ਮਾਰਗ ’ਤੇ ਪਿੰਡ ਕੁੱਕੜ ਮਜਾਰਾ ਨੇੜੇ ਬੀਤੀ ਰਾਤ ਮਹਿੰਦਰਾ ਗੱਡੀ ਮੋਟਰਸਾਈਕਲ ਨਾਲ ਟਕਰਾ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੰਚਾਇਤ ਸਕੱਤਰ ਮੱਖਣ ਸਿੰਘ ਪੁੱਤਰ ਕੇਵਲ ਰਾਮ (45) ਵਾਸੀ ਟੋਰੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮੋਟਰਸਾਈਕਲ ਨੰਬਰ ਪੀਬੀ 20 ਸੀ 4962 ’ਤੇ ਗੜ੍ਹਸ਼ੰਕਰ ਵੱਲੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ। ਦੂਜੇ ਪਾਸੇ ਨੂਰਪੁਰ ਬੇਦੀ ਵੱਲੋਂ ਗੜ੍ਹਸ਼ੰਕਰ ਵੱਲ ਆ ਰਹੀ ਮਹਿੰਦਰਾ ਪਿੱਕਅਪ ਗੱਡੀ ਨੰਬਰ ਪੀਬੀ 07 ਸੀਡੀ 8614 ਸਿੱਧੀ ਮੋਟਰਸਾਈਕਲ ਨਾਲ ਜਾ ਟਕਰਾਈ ਜਿਸ ਕਾਰਨ ਮੱਖਣ ਸਿੰਘ ਦੀ ਮੌਤ ਹੋ ਗਈ। ਮੱਖਣ ਸਿੰਘ ਬੀਡੀਪੀਓ ਦਫ਼ਤਰ ਗੜ੍ਹਸ਼ੰਕਰ ਵਿੱਚ ਪੰਚਾਇਤ ਸਕੱਤਰ ਵਜੋਂ ਤਾਇਨਾਤ ਸੀ। ਪੁਲੀਸ ਥਾਣਾ ਗੜ੍ਹਸ਼ੰਕਰ ਦੇ ਏਐੱਸਆਈ ਲਖਵੀਰ ਸਿੰਘ ਅਨੁਸਾਰ ਮਹਿੰਦਰਾ ਡਰਾਈਵਰ ਰਹੀਮ ਵਾਸੀ ਚੱਬੇਵਾਲ ਨੂੰ ਗ੍ਰਿਫ਼ਤਾਰ ਕਰ ਕੇ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ, ਜਿਸ ਦਾ ਪਰਿਵਾਰ ਨੇ ਅੰਤਿਮ ਸੰਸਕਾਰ ਕਰ ਦਿੱਤਾ। ਮੱਖਣ ਸਿੰਘ ਦੇ ਪਿੱਛੇ ਪਰਿਵਾਰ ਵਿੱਚ ਦੋ ਛੋਟੇ-ਛੋਟੇ ਬੱਚੇ ਹਨ।
ਕਾਰ ਨਹਿਰ ਵਿੱਚ ਡਿੱਗਣ ਕਾਰਨ ਨੌਜਵਾਨ ਦੀ ਮੌਤ![]()
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਯੂਥ ਕਾਂਗਰਸ ਦੀ ਗੜ੍ਹਸ਼ੰਕਰ ਇਕਾਈ ਦੇ ਪ੍ਰਧਾਨ ਚਤਿੰਦਰ ਸਿੰਘ ਮੌਜੀ (30) ਪੁੱਤਰ ਗੁਰਦੀਪ ਸਿੰਘ ਵਾਸੀ ਪਦਰਾਣਾ ਦੀ ਬੀਤੀ ਰਾਤ ਪਿੰਡ ਐਮਾਂ ਮੁਗਲਾਂ ਨੇੜੇ ਨਹਿਰ ਵਿੱਚ ਗੱਡੀ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਤਿੰਦਰ ਸਿੰਘ ਨੇ ਟੈਕਸੀਆਂ ਪਾਈਆਂ ਹੋਈਆਂ ਸਨ। ਉਹ ਕੋਟ ਫਤੂਹੀ ਵੱਲੋਂ ਕਾਰ ’ਤੇ ਆਪਣੇ ਪਿੰਡ ਪਦਰਾਣਾ ਵੱਲ ਆ ਰਿਹਾ ਸੀ ਕਿ ਰਾਤ ਸਮੇਂ ਸੰਘਣੀ ਧੁੰਦ ਕਾਰਨ ਉਸ ਦੀ ਗੱਡੀ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਬਾਰੇ ਰਾਤ ਵੇਲੇ ਕਿਸੇ ਨੂੰ ਪਤਾ ਨਹੀਂ ਲੱਗਿਆ। ਸਵੇਰ ਵੇਲੇ ਰਾਹਗੀਰਾਂ ਨੇ ਕੋਟ ਫਤੂਹੀ ਪੁਲੀਸ ਨੂੰ ਹਾਦਸੇ ਬਾਰੇ ਸੂਚਨਾ ਦਿੱਤੀ। ਪੁਲੀਸ ਜਦੋਂ ਤੱਕ ਘਟਨਾ ਸਥਾਨ ’ਤੇ ਪਹੁੰਚੀ ਤਾਂ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ’ਚ ਪੁਲੀਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।