ਪਿੰਡ ਬਾਜਕ ਵਿੱਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਜਕ ਵਾਸੀ ਬਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦਾ ਲੜਕਾ ਨਵਯੁਗਦੀਪ ਸਿੰਘ (25) ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ, ਜਿਸ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਖੇ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾਇਆ ਸੀ ਅਤੇ ਬੀਤੀ 8 ਅਗਸਤ ਨੂੰ ਰੱਖੜੀ ਮੌਕੇ ਨਸ਼ਾ ਛੁਡਾਊ ਕੇਂਦਰ ਤੋਂ ਘਰ ਪਰਤਿਆ ਸੀ।
ਨਵਯੁਗਦੀਪ ਨੁੂੰ ਬੀਤੇ ਦਿਨ ਉਨ੍ਹਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਸ਼ਰਨਦੀਪ ਸਿੰਘ ਉਰਫ਼ ਸ਼ਰਨੀ ਘਰੋਂ ਆਪਣੀ ਕਾਰ ’ਤੇ ਬਿਠਾ ਕੇ ਕਿਧਰੇ ਲੈ ਗਿਆ, ਜੋ ਖ਼ੁਦ ਵੀ ਨਸ਼ਿਆਂ ਦਾ ਆਦੀ ਹੈ। ਸ਼ਾਮ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਨਸ਼ੇ ਦੇ ਲਗਾਏ ਟੀਕੇ ਦੀ ਵੱਧ ਮਾਤਰਾ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ ਹੈ, ਜਿਸ ਨੂੰ ਪਿੰਡ ਘੁੱਦਾ ਦੇ ਹਸਪਤਾਲ ’ਚ ਛੱਡ ਕੇ ਸ਼ਰਨੀ ਕਿਧਰੇ ਭੱਜ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਭੇਟ ਚੜ੍ਹਕੇ ਹੋਈ ਮੋਤ ਕਾਰਨ ਪਿੰਡ ’ਚ ਸੋਗ ਪਾਇਆ ਜਾ ਰਿਹਾ ਹੈ।