ਐੱਸਡੀਐੱਮ ਦਫ਼ਤਰ ਨਕਦੀ ਮਾਮਲੇ ’ਚ ਯੂਥ ਅਕਾਲੀ ਆਗੂ ਬੱਗੀ ਗ੍ਰਿਫ਼ਤਾਰ
ਸੰਤੋਖ ਗਿੱਲ
ਰਾਏਕੋਟ, 16 ਜੂਨ
ਇੱਥੇ ਐੱਸਡੀਐੱਮ ਦਫ਼ਤਰ ਵਿੱਚੋਂ 25 ਲੱਖ ਰੁਪਏ ਦੀ ਨਕਦੀ ਮਿਲਣ ਦੇ ਮਾਮਲੇ ਵਿੱਚ ਹੁਣ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਗੀ ਝੋਰੜਾਂ ਨੂੰ ਵੀ ਨਾਮਜ਼ਦ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੌਕਸੀ ਵਿਭਾਗ ਦੇ ਸੂਤਰਾਂ ਅਨੁਸਾਰ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਦੇ ਰੀਡਰ ਜਤਿੰਦਰ ਸਿੰਘ ਨੀਟਾ ਤੋਂ ਪੁੱਛ ਪੜਤਾਲ ਬਾਅਦ ਰਿਸ਼ਵਤ ਮਾਮਲੇ ਵਿੱਚ ਕੁਝ ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੁਖਜੀਤ ਨੂੰ ਗ੍ਰਿਫ਼ਤਾਰ ਕਰਨ ਬਾਅਦ ਅਦਾਲਤ ਤੋਂ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਕੋਲੋਂ ਹੋਰ ਪੁੱਛ ਪੜਤਾਲ ਜਾਰੀ ਹੈ। ਚੌਕਸੀ ਵਿਭਾਗ ਵੱਲੋਂ 12 ਜੂਨ ਨੂੰ ਜਤਿੰਦਰ ਸਿੰਘ ਨੀਟਾ ਨੂੰ 24 ਲੱਖ 6 ਹਜ਼ਾਰ ਰੁਪਏ ਨਕਦੀ ਮਿਲਣ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਚੌਕਸੀ ਵਿਭਾਗ ਦੇ ਸੂਤਰਾਂ ਅਨੁਸਾਰ ਨੀਟਾ ਵੱਲੋਂ ਪੁੱਛ ਪੜਤਾਲ ਦੌਰਾਨ ਅਲਮਾਰੀ ਵਿੱਚੋਂ ਮਿਲੀ ਰਕਮ ਬਾਰੇ ਕੀਤੇ ਖ਼ੁਲਾਸਿਆਂ ਬਾਅਦ ਰਿਸ਼ਵਤ ਕਾਂਡ ਦੇ ਮੁਲਜ਼ਮਾਂ ਦੀ ਸੂਚੀ ਹੋਰ ਲੰਬੀ ਹੋਣ ਦੀ ਸੰਭਾਵਨਾ ਹੈ। ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਯੂਥ ਅਕਾਲੀ ਦਲ ਦੇ ਆਗੂ ਸੁਖਜੀਤ ਸਿੰਘ ਨੂੰ ਬਿਆਨ ਦਰਜ ਕਰਾਉਣ ਦੇ ਬਹਾਨੇ ਬੁਲਾਇਆ ਅਤੇ ਪੁੱਛ ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ। ਭਰੋਸੇਯੋਗ ਸੂਤਰਾਂ ਅਨੁਸਾਰ ਐੱਸਡੀਐੱਮ ਦਫ਼ਤਰ ਵਿੱਚ ਤਾਇਨਾਤ ਮਹਿਲਾ ਸਹਿਯੋਗੀ ਖ਼ਿਲਾਫ਼ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਤਾਇਨਾਤ ਕੀਤਾ ਗਿਆ ਸੀ। ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਅਨੁਸਾਰ ਅਜਿਹੇ ਹਾਲਾਤ ਵਿੱਚ ਨਿਰਪੱਖ ਜਾਂਚ ਲਈ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨਾ ਜ਼ਰੂਰੀ ਹੈ। ਉੱਧਰ ਗ੍ਰਹਿ ਵਿਭਾਗ ਨੇ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਵਿਰੁੱਧ ਵਿਭਾਗੀ ਕਾਰਵਾਈ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਐੱਨਆਰਆਈ ਸੰਦੀਪ ਕੌਰ, ਉਸ ਦੇ ਭਰਾ ਅਮਨਦੀਪ ਸਿੰਘ ਅਤੇ ਪਿਤਾ ਸੁਖਦੇਵ ਸਿੰਘ ਨੇ ਰਿਸ਼ਵਤ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ। 13 ਜੂਨ ਨੂੰ ਡੀਐੱਸਪੀ ਸ਼ਿਵ ਚੰਦ ਦੀ ਅਗਵਾਈ ਵਾਲੀ ਟੀਮ ਨੇ ਦੂਜੀ ਵਾਰ ਛਾਪੇ ਦੌਰਾਨ ਜੱਟਪੁਰਾ ਵਾਸੀ ਰਘਬੀਰ ਸਿੰਘ ਅਤੇ ਝੋਰੜਾਂ ਵਾਸੀ ਹਰਦੇਵ ਸਿੰਘ ਬਨਾਮ ਸੁਖਜੀਤ ਸਿੰਘ ਬੱਗੀ ਦੇ ਕੇਸ ਵਾਲੀ ਫਾਈਲ ਤੋਂ ਇਲਾਵਾ ਹੋਰ ਰਿਕਾਰਡ ਵੀ ਆਪਣੇ ਕਬਜ਼ੇ ਵਿੱਚ ਲਿਆ ਸੀ।