ਬਹਾਦਰਜੀਤ ਸਿੰਘ
ਬਲਾਚੌਰ, 3 ਜੁਲਾਈ
ਪਿੰਡ ਕੁਲਪੁਰ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ (37) ਪੁੱਤਰ ਸ਼ਿਗਾਰਾ ਸਿੰਘ ਵਜੋਂ ਹੋਈ ਹੈ, ਜੋ ਪੱਠੇ ਲੈ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪਿੰਡ ਦੇ ਭੱਠੇ ਕੋਲ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਤੱਕ ਪਿੰਡ ਵਾਸੀ ਪੁੱਜੇ ਉਦੋਂ ਤੱਕ ਹਰਦੀਪ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ 6-7 ਖੋਲ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਪੁਲੀਸ ਚੌਕੀ ਸਰੋਆ ਅਤੇ ਥਾਣਾ ਪੋਜੇਵਾਲ ਦੀ ਐੱਸਐੱਚਓ ਰਾਜਪਲਵਿੰਦਰ ਕੌਰ ਨੇ ਸਣੇ ਟੀਮ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਭਰਾ ਸੰਦੀਪ ਦੇ ਬਿਆਨ ਦਰਜ ਕਰ ਲਏ ਹਨ। ਸੂਤਰਾਂ ਅਨੁਸਾਰ ਇਹ ਮਾਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਐੱਸਐੱਚਓ ਰਾਜਪਾਲਵਿੰਦਰ ਕੌਰ ਨੇ ਕਿਹਾ ਕਿ ਪੁਲੀਸ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ, ਦੋ ਧੀਆਂ ਤੇ ਇਕ ਪੁੱਤਰ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਦੱਸੀ ਜਾਂਦੀ ਹੈ। ਡੀਐੱਸਪੀ ਸ਼ਾਮ ਸੁੰਦਰ ਨੇ ਦੱਸਿਆ ਕਿ ਪੁਲੀਸ ਨੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਮੁਲਜ਼ਮ ਕਰਨ ਤੇ ਉਸ ਦਾ ਪਿਤਾ ਮੱਖਣ ਸਿੰਘ ਵਾਸੀ ਰੋਡ ਮਜਾਰਾ, ਸਤਨਾਮ ਤੇ ਉਸ ਦਾ ਪਿਤਾ ਹਰਦਿਆਲਾ ਵਾਸੀ ਪਿੰਡ ਕੁਲਪੁਰ ਅਤੇ ਇਕ ਅਣਪਛਾਤਾ ਸ਼ਾਮਲ ਹੈ।