ਕੋਲੰਬੀਆ ’ਚ ਏਜੰਟਾਂ ਵੱਲੋਂ ਬੰਦੀ ਬਣਾਇਆ ਨੌਜਵਾਨ ਵਤਨ ਪਰਤਿਆ
ਜਸਬੀਰ ਸਿੰਘ ਚਾਨਾ/ਹਤਿੰਦਰ ਮਹਿਤਾ
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਾਜਪੁਰ ਦਾ ਨੌਜਵਾਨ ਬਲਵਿੰਦਰ ਸਿੰਘ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਕੋਲੰਬੀਆ ’ਚੋਂ ਜਾਨ ਬਚਾ ਕੇ ਭਾਰਤ ਪਰਤ ਆਇਆ ਹੈ ਜਿਸ ਨੇ ਅੱਜ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਮੱਥਾ ਟੇਕਿਆ ਤੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਮੌਤ ਦੇ ਮੂੰਹ ’ਚੋਂ ਬਚ ਕੇ ਆਇਆ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬਾਹਰ ਭੇਜਣ ਵਾਲਿਆਂ ਨੇ ਬੰਦੀ ਬਣਾਇਆ ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਮਨ ਵਿਚ ਧਾਰਿਆ ਕਿ ਮਰਨਾ ਤਾਂ ਹੈ ਹੀ, ਕਿਉਂ ਨਾ ਮਰਨ ਤੋਂ ਪਹਿਲਾਂ ਇੱਕ ਵਾਰ ਬਚਣ ਦੀ ਕੋਸ਼ਿਸ਼ ਕੀਤੀ ਜਾਵੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਇਹ ਕੋਸ਼ਿਸ਼ ਉਸ ਵੇਲੇ ਸਫਲ ਹੋਈ ਜਦੋਂ ਉਹ ਜੰਗਲ ’ਚੋਂ ਦੌੜਦਾ ਹੋਇਆ ਮੁੱਖ ਮਾਰਗ ’ਤੇ ਪਹੁੰਚ ਗਿਆ ਤੇ ਉੱਥੋਂ ਇੱਕ ਮੋਟਰਸਾਈਕਲ ਸਵਾਰ ਨੇ ਉਸ ਦੀ ਸੁਰੱਖਿਅਤ ਥਾਂ ’ਤੇ ਪਹੁੰਚਣ ’ਚ ਮਦਦ ਕੀਤੀ।
ਉਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਜੁਲਾਈ ਵਿਚ ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਇਆ। ਉਸ ਦੇ ਏਜੰਟਾਂ ਨੇ ਉਸ ਨੂੰ ਦਿੱਲੀ ਤੋਂ ਮੁੰਬਈ ਤੇ ਮੁੰਬਈ ਤੋਂ ਨੀਂਦਰਲੈਂਡ, ਸੀਅਰਾ ਲਿਓਨ, ਗੁਆਨਾ, ਐਮਾਜ਼ੋਨ ਦੇ ਜੰਗਲਾਂ ਰਾਹੀਂ ਬ੍ਰਾਜ਼ੀਲ ਪਹੁੰਚਾਇਆ। ਇੱਥੋਂ ਏਜੰਟਾਂ ਨੇ ਉਸ ਨੂੰ ਬੋਲਵੀਆ, ਪੇਰੂ, ਇਕੁਆਡੋਰ ਤੋਂ ਅਖੀਰ ’ਚ ਕੋਲੰਬੀਆ ਦੇ ਜੰਗਲਾਂ ’ਚ ਡੰਕਰਾਂ ਹਵਾਲੇ ਕਰ ਦਿੱਤਾ ਜਿੱਥੇ ਪਹੁੰਚਦਿਆਂ ਉਸ ਦਾ ਪਾਸਪੋਰਟ ਤੇ ਫੋਨ ਆਦਿ ਖੋਹ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਪੰਜਾਬ, ਹਰਿਆਣਾ ਸਣੇ ਹੋਰ ਦੇਸ਼ਾਂ ਤੋਂ ਵੀ ਨੌਜਵਾਨਾਂ ਨੂੰ ਗਰੁੱਪ ਬਣਾ ਕੇ ਕਮਰਿਆਂ ’ਚ ਬੰਦੀ ਬਣਾਇਆ ਹੋਇਆ ਸੀ। ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜਿਹੜੇ ਜੰਗਲ ’ਚ ਉਹ ਰਹਿ ਰਹੇ ਸਨ, ਉਸ ਦੇ ਨੇੜੇ ਹੀ ਨੇਪਾਲ ਦੀਆਂ ਕੁੜੀਆਂ ਨੂੰ ਵੀ ਬੰਦੀ ਬਣਾ ਕੇ ਰੱਖਿਆ ਗਿਆ ਸੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੁਰੱਖਿਅਤ ਥਾਂ ਪਹੁੰਚਿਆ ਤੇ ਪੰਜ ਮਹੀਨਿਆਂ ਬਾਅਦ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਹੱਡਬੀਤੀ ਸੁਣਾਈ। ਇਸੇ ਦੌਰਾਨ ਬਲਵਿੰਦਰ ਦੀ ਮਾਤਾ ਤੇ ਭੈਣ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਵਿੱਚ ਪਹੁੰਚ ਕੀਤੀ ਤੇ ਉਨ੍ਹਾਂ ਵਲੋਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਤੇ ਬਲਵਿੰਦਰ ਸਿੰਘ ਦੀ ਸੁਰੱਖਿਅਤ ਘਰ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ। ਨੌਜਵਾਨ ਦੀ ਮਾਤਾ ਸ਼ਿੰਦਰ ਕੌਰ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਦੀ ਜ਼ਮੀਨ ਤੇ ਘਰ ਬਾਰ ਵਿਕਵਾ ਦਿੱਤਾ ਤੇ ਉਨ੍ਹਾਂ ਦੀ ਸ੍ਰੀ ਸੀਚੇਵਾਲ ਨੇ ਮਦਦ ਕੀਤੀ।