‘ਆਪ’ ਆਗੂ ਦੇ ਨਜਾਇਜ਼ ਕਬਜ਼ੇ ’ਤੇ ਚੱਲਿਆ ਪੀਲਾ ਪੰਜਾ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 2 ਜੁਲਾਈ
ਇੱਥੇ ਕੋਟਕਪੂਰਾ-ਫਰੀਦਕੋਟ ਸੜਕ ਤੇ ਸ਼ਾਹੀ ਹਵੇਲੀ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਵੱਲੋਂ ਕਰੋੜਾਂ ਦੀ ਜਾਇਦਾਦ ’ਤੇ ਕੀਤੇ ਨਜਾਇਜ਼ ਕਬਜ਼ੇ ’ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ ਹੈ। ਸ਼ਾਹੀ ਹਵੇਲੀ ਦੇ ਬਾਹਰ ਗਰੀਨ ਜ਼ੋਨ ਲਈ ਛੱਡੀ ਥਾਂ ਉੱਪਰ ਹੋਏ ਨਜਾਇਜ਼ ਕਬਜ਼ੇ ਨੂੰ ਅੱਜ ਪ੍ਰਸ਼ਾਸਨ ਨੇ ਭਾਰੀ ਸੁਰੱਖਿਆ ਤਹਿਤ ਹਟਾ ਦਿੱਤਾ।
ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਦਾ ਪਿਛਲੇ ਲੰਮੇ ਸਮੇਂ ਤੋਂ ਇਸ ਉੱਪਰ ਨਜਾਇਜ਼ ਕਬਜ਼ਾ ਸੀ ਅਤੇ ਉਨ੍ਹਾਂ ਕੁੱਝ ਸਮਾਂ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਦਾ ਦਫਤਰ ਵੀ ਬਣਾ ਲਿਆ ਸੀ। ਜਾਣਕਾਰੀ ਅਨੁਸਾਰ ਇਹ ਕਾਰਵਾਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਹੁਕਮਾਂ ’ਤੇ ਕੀਤੀ ਗਈ ਹੈ। ਦੱਸਣ ਯੋਗ ਹੈ ਕਿ ਸ਼ਾਹੀ ਹੋਟਲ ਅਤੇ ਹਵੇਲੀ ਦੇ ਮਾਲਕਾਂ ਵੱਲੋਂ ਇੱਥੇ ਇੱਕ ਕਲੋਨੀ ਵੀ ਕੱਟੀ ਗਈ ਸੀ। ਕਲੋਨੀ ਵਸਨੀਕਾਂ ਨੇ ਗਰੀਨ ਟ੍ਰਿਬਿਊਨਲ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕਲੋਨੀ ਦੇ ਡਿਵੈਲਪਰਾ ਵੱਲੋਂ ਗ੍ਰੀਨ ਜ਼ੋਨ ਅਤੇ ਆਮ ਲੋਕਾਂ ਲਈ ਛੱਡੀ ਥਾਂ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਕਾਨੂੰਨੀ ਕਾਰਵਾਈ ਲਗਭਗ 10 ਸਾਲ ਚੱਲੀ ਹੈ।
ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ‘ਆਪ’ ਆਗੂ ਦਾ ਨਜਾਇਜ਼ ਕਬਜ਼ਾ ਛੁਡਾਉਣ ਦੀ ਕਾਰਵਾਈ ਕਾਨੂੰਨ ਮੁਤਾਬਿਕ ਹੋ ਰਹੀ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲ ਅੰਦਾਜ਼ੀ ਨਹੀਂ ਹੈ।