ਨਸ਼ਿਆਂ ਖ਼ਿਲਾਫ਼ ਸੰਘਰਸ਼ ’ਚ ਔਰਤਾਂ ਦੀ ਸ਼ਮੂਲੀਅਤ ਚੰਗਾ ਸੰਕੇਤ: ਮਾਨ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 17 ਮਈ
ਇੱਥੋਂ ਨੇੜਲੇ ਪਿੰਡ ਜਲਾਲਪੁਰ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਤੋਂ ਸੂਬੇ ਵਿੱਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਹਿਯੋਗ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸੂਬਾ ਸਰਕਾਰ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਹੁਣ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਗਈ ਹੈ, ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ’ਚ ਬੰਦ ਕਰ ਦਿੱਤਾ ਹੈ ਅਤੇ ਨਸ਼ਾ ਪੀੜਤਾਂ ਦਾ ਮੁੜ ਵਸੇਬਾ ਯਕੀਨੀ ਬਣਾਇਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਜਲਾਲਪੁਰ ਵਾਸੀਆਂ ਨੇ ਪੁਲੀਸ ਨੂੰ ਸਹਿਯੋਗ ਦੇ ਕੇ ਪਿੰਡ ਨੂੰ ਨਸ਼ਾ ਮੁਕਤ ਐਲਾਨਿਆ ਹੈ, ਉਸੇ ਤਰ੍ਹਾਂ ਸੂਬੇ ਦੇ ਹੋਰ ਪਿੰਡ ਵੀ ਅਜਿਹਾ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ, ਜੋ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇ ਔਰਤਾਂ ਅੱਗੇ ਆਉਣਗੀਆਂ ਤਾਂ ਜਲਦੀ ਹੀ ਨਸ਼ਿਆਂ ਦਾ ਖ਼ਾਤਮਾ ਹੋ ਜਾਵੇਗਾ। ਮੁੱਖ ਮੰਤਰੀ ਮਾਨ ਨੇ ਹਲਕਾ ਹੁਸ਼ਿਆਰਪੁਰ ਦੇ ‘ਆਪ’ ਵਿਧਾਇਕਾਂ ਵੱਲੋਂ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਾਣੀ ਅਤੇ ਨੌਜਵਾਨਾਂ ਨੂੰ ਬਚਾਏਗੀ। ਸੂਬਾ ਸਰਕਾਰ ਨੇ ਪਹਿਲਾਂ ਹੀ ਯੋਗਤਾ ਦੇ ਆਧਾਰ ’ਤੇ 54,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੋਣ ਕਾਰਨ ਨਸ਼ਿਆਂ ਨੇ ਸੂਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਤੇ ਵੱਡਾ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਆ ਜਾਵੇਗਾ ਅਤੇ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰੇਗਾ।
ਇਸ ਮੌਕੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਜਸਵੀਰ ਸਿੰਘ ਰਾਜਾ, ਹਰਮੀਤ ਸਿੰਘ ਔਲਖ, ਕੇਸ਼ਵ ਸਿੰਘ ਸੈਣੀ ਸਣੇ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।
ਮਾਨ ਤੇ ਕੇਜਰੀਵਾਲ ਵੱਲੋਂ ਨਾਰੰਗਵਾਲ ਵਾਸੀਆਂ ਨਾਲ ਗੱਲਬਾਤ
ਲੁਧਿਆਣਾ (ਗਗਨਦੀਪ ਅਰੋੜਾ): ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਨਾਰੰਗਵਾਲ ਦੇ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਪਾਰਟੀ ਪੱਧਰ ਤੋਂ ਉੱਠ ਕੇ ਸੂਬਾ ਸਰਕਾਰ ਦੀ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਨਾਰੰਗਵਾਲ ਤੇ ਹੋਰ ਪਿੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਇਹ ਵੱਡੇ ਪਿੰਡ ਵੱਡੇ ਖੇਡ ਟੂਰਨਾਮੈਂਟਾਂ ਲਈ ਜਾਣੇ ਜਾਂਦੇ ਸਨ ਪਰ ਪਿਛਲੀਆਂ ਸਰਕਾਰਾਂ ਦੇ ਰਵੱਈਏ ਕਾਰਨ ਇਹ ਪਿੰਡ ਨਸ਼ਿਆਂ ਦੇ ਅੱਡੇ ਵਿੱਚ ਬਦਲ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਲਈ ਬੁਲਡੋਜ਼ਰ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਸ਼ੇ ਦੇ ਵਪਾਰ ਨੂੰ ਝਟਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜੇ ਤਿੰਨ ਕਰੋੜ ਪੰਜਾਬੀ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਜਾਣ ਤਾਂ 24 ਘੰਟਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਾ ਸਿਰਫ ਨਸ਼ਾ ਸਪਲਾਈ ਲਾਈਨਾਂ ਨੂੰ ਤੋੜਿਆ ਗਿਆ, ਸਗੋਂ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਸਮੱਸਿਆ ਦਾ ਹੱਲ ਆਮ ਆਦਮੀ ਦੇ ਸਰਗਰਮ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।