ਔਰਤਾਂ ਦੇ ਹੱਕਾਂ ਦੀ ਰਾਖੀ ਕਰ ਰਿਹੈ ਮਹਿਲਾ ਕਮਿਸ਼ਨ: ਲਾਲੀ ਗਿੱਲ
ਸੰਗਰੂਰ ਵਿੱਚ ਖੁੱਲ੍ਹਾ ਦਰਬਾਰ ਲਾ ਕੇ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ; 35 ’ਚੋਂ 30 ਕੇਸਾਂ ਦਾ ਨਿਬੇਡ਼ਾ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਖੁੱਲ੍ਹਾ ਦਰਬਾਰ ਲਗਾ ਕੇ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਖੁੱਲ੍ਹੇ ਦਰਬਾਰ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਨਾਲ ਸਬੰਧਤ ਕਮਿਸ਼ਨ ਕੋਲ ਚੱਲ ਰਹੇ 25 ਕੇਸਾਂ ਦੀ ਸੁਣਵਾਈ ਹੋਈ, ਜਦੋਂ ਕਿ 10 ਨਵੇਂ ਕੇਸ ਵੀ ਇਸ ਜਨ ਸੁਣਵਾਈ ਦੌਰਾਨ ਆਏ। ਕੁੱਲ 35 ਵਿੱਚੋਂ 30 ਕੇਸਾਂ ਦਾ ਆਪਸੀ ਰਜ਼ਾਮੰਦੀ ਜਾਂ ਕਾਨੂੰਨੀ ਤਰੀਕੇ ਨਾਲ ਮੌਕੇ ਉੱਤੇ ਨਿਬੇੜਾ ਕੀਤਾ ਗਿਆ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕੇਸਾਂ ਦੀ ਸੁਣਵਾਈ ਕਰਦਿਆਂ ਜਾਂਚ ਅਧਿਕਾਰੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਅਤੇ ਪੀੜਤ ਧਿਰਾਂ ਨੂੰ ਇਨਸਾਫ਼ ਦਿਵਾਇਆ ਜਾਣਾ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ। ਖੁੱਲ੍ਹੇ ਦਰਬਾਰ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਚੇਅਰਪਰਸਨ ਲਾਲੀ ਗਿੱਲ ਨੇ ਕਿਹਾ ਕਿ ਕਮਿਸ਼ਨ ਕਿਸੇ ਵੀ ਕੇਸ ਵਿੱਚ ਸੱਸਾਂ ਜਾਂ ਨੂੰਹਾਂ ਵਿੱਚ ਫ਼ਰਕ ਨਹੀਂ ਕਰਦਾ, ਕਮਿਸ਼ਨ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਮਹਿਲਾ ਕਮਿਸ਼ਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਖੁੱਲ੍ਹੇ ਦਰਬਾਰ ਲਗਾਉਣ ਦਾ ਉਦੇਸ਼ ਇਹ ਹੈ ਕਿ ਔਰਤਾਂ ਨੂੰ ਸੁਣਵਾਈ ਲਈ ਕਮਿਸ਼ਨ ਦੇ ਮੁੱਖ ਦਫ਼ਤਰ ਤੱਕ ਚੱਲ ਕੇ ਆਉਣ ਦੀ ਦਿੱਕਤ ਨਾ ਹੋਵੇ ਅਤੇ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਇਸ ਤਰ੍ਹਾਂ ਸੁਣਵਾਈ ਹੋਣ ਨਾਲ ਉਨ੍ਹਾਂ ਨੂੰ ਵੱਡੀ ਸੌਖ ਹੁੰਦੀ ਹੈ। ਇਸ ਤਰ੍ਹਾਂ ਜਲਦੀ ਅਤੇ ਸੌਖਾ ਨਿਆਂ ਉਪਲਬਧ ਕਰਵਾਉਣਾ ਯਕੀਨੀ ਹੁੰਦਾ ਹੈ। ਰਾਜ ਲਾਲੀ ਗਿੱਲ ਨੇ ਕਿਹਾ ਕਿ ਕਮਿਸ਼ਨ ਜਿੱਥੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਂਦਾ ਹੈ ਉੱਥੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪਤੀ-ਪਤਨੀ ਦੇ ਝਗੜਿਆਂ ਦਾ ਕੋਈ ਸਾਰਥਕ ਹੱਲ ਨਿਕਲੇ ਅਤੇ ਗੱਲ ਤਲਾਕ ਤੱਕ ਨਾ ਜਾਵੇ। ਉਨ੍ਹਾਂ ਆਖਿਆ ਕਿ ਕੋਈ ਵੀ ਪੀੜਤ ਔਰਤ ਕਮਿਸ਼ਨ ਤੱਕ ਪਹੁੰਚ ਕਰ ਸਕਦੀ ਹੈ। ਆਪਣੇ ਸਬੰਧਤ ਜ਼ਿਲ੍ਹੇ ਦੇ ਮਹਿਲਾ ਸੈੱਲ ਵਿੱਚ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ ਤਾਂ ਕਮਿਸ਼ਨ ਸ਼ਿਕਾਇਤ ਉੱਤੇ ਜਲਦੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਂਦਾ ਹੈ। ਇਸ ਮੌਕੇ ਐੱਸ ਪੀ (ਸਥਾਨਕ) ਦਿਲਪ੍ਰੀਤ ਸਿੰਘ, ਐੱਸ ਡੀ ਐੱਮ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਤੇਂਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।