ਪਤੀ ਅਤੇ ਦਿਉਰ ਵੱਲੋਂ ਕੁਹਾੜੀ ਨਾਲ ਔਰਤ ਦਾ ਕਤਲ
ਪਿੰਡ ਸੁਖੇਰਾਖੇੜਾ ਵਿੱਚ ਬੀਤੀ ਰਾਤ ਲਗਪਗ 9 ਵਜੇ ਢਾਣੀ ਵਿੱਚ ਰਹਿਣ ਵਾਲੀ ਰਾਮ ਮੂਰਤੀ (45) ਦਾ ਉਸ ਦੇ ਪਤੀ ਤੇ ਦਿਉਰ ਨੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਔਰਤ ਦੇ ਪਤੀ ਗੁਰਮਹੇਸ਼ ਅਤੇ ਦਿਉਰ ਸੰਜੈ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੇ ਭਰਾ ਸੁਰਜੀਤ ਸਿੰਘ ਅਨੁਸਾਰ ਰਾਮ ਮੂਰਤੀ ਦਾ ਵਿਆਹ 22 ਸਾਲ ਪਹਿਲਾਂ ਗੁਰਮਹੇਸ਼ ਵਾਸੀ ਸੁਖੇਰਾਖੇੜਾ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਈਸ਼ਵਰ (20) ਅਤੇ ਅਭਿਸ਼ੇਕ (16) ਹਨ। ਪਰਿਵਾਰ ਕੋਲ 20 ਏਕੜ ਜੱਦੀ ਜ਼ਮੀਨ ਸੀ, ਜਿਸ ਵਿੱਚੋਂ ਅੱਠ ਏਕੜ ਪਹਿਲਾਂ ਵੇਚ ਦਿੱਤੀ ਗਈ ਸੀ। ਰਾਮ ਮੂਰਤੀ ਨੂੰ ਖਦਸ਼ਾ ਸੀ ਕਿ ਬਾਕੀ ਜ਼ਮੀਨ ਵੀ ਵੇਚ ਦਿੱਤੀ ਜਾਵੇਗੀ। ਇਸ ਕਾਰਨ ਉਹ ਢਾਣੀ ਵਿੱਚ ਆਪਣੇ ਪਤੀ ਤੇ ਬੱਚਿਆਂ ਤੋਂ ਵੱਖ ਰਹਿ ਰਹੀ ਸੀ ਅਤੇ ਜ਼ਮੀਨ ਵਿੱਚ ਆਪਣੇ ਹਿੱਸੇ ਲਈ ਲਗਾਤਾਰ ਲੜ ਰਹੀ ਸੀ। ਇਸ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਮਗਰੋਂ ਪੰਚਾਇਤਾਂ ਰਾਹੀਂ ਰਾਮ ਮੂਰਤੀ ਨੂੰ ਢਾਈ ਏਕੜ ਜ਼ਮੀਨ ਦਿੱਤੀ ਗਈ ਸੀ, ਪਰ ਬਾਅਦ ਵਿੱਚ ਉਹ ਵੀ ਉਸ ਤੋਂ ਖੋਹ ਲਈ ਗਈ। ਘਟਨਾ ਵਾਲੀ ਰਾਤ ਰਾਮ ਮੂਰਤੀ ਢਾਣੀ ਵਿੱਚ ਇਕੱਲੀ ਸੀ। ਚਸ਼ਮਦੀਦ ਗਵਾਹ ਭਰਾ ਸੁਰਜੀਤ ਸਿੰਘ ਦਾ ਦੋਸ਼ ਹੈ ਕਿ ਉਸ ਦੀ ਭੈਣ ’ਤੇ ਦਿਉਰ ਸੰਜੈ ਕੁਮਾਰ ਨੇ ਕੁਹਾੜੀ ਨਾਲ ਹਮਲਾ ਕੀਤਾ, ਜਦਕਿ ਪਤੀ ਗੁਰਮਹੇਸ਼ ਨੇ ਉਸ ਨੂੰ ਕਤਲ ਲਈ ਉਕਸਾਇਆ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸੰਜੈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।